ਪੱਤਰ ਪ੍ਰੇਰਕ
ਦੋਰਾਹਾ, 20 ਨਵੰਬਰ
ਇਥੇ ਪੰਜਾਬ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਹੋਈ ਜਿਸ ਵਿਚ ਲੇਖਕ ਤੇਲੂ ਰਾਮ ਕੁਹਾੜਾ ਦੀ ਸਵੈ-ਜੀਵਨੀ ‘ਜ਼ਿੰਦਗੀ ਦਾ ਮੇਲਾ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਲੇਖਕ ਨੇ ਕਿਤਾਬ ਵਿਚ ਆਪਣੀ ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਨੂੰ ਕਲਾਤਮਕ ਢੰਗ ਨਾਲ ਬਿਆਨ ਕੀਤਾ ਹੈ। ਚਿੰਤਕ ਰਘਵੀਰ ਸਿੰਘ ਭਰਤ ਨੇ ਕਿਹਾ ਕਿ ਤੇਲੂ ਰਾਮ ਕੁਹਾੜਾ ਨੇ ਆਪਣੀ ਪੌਣੀ ਸਦੀ ਦੀ ਜ਼ਿੰਦਗੀ ਬਾਰੇ ਲਿਖਣ ਲੱਗਿਆਂ ਕੁੱਝ ਵੀ ਛੁਪਾਇਆ ਨਹੀਂ। ਰਾਮ ਸਰੂਪ ਰਿਖੀ ਨੇ ਕਿਹਾ ਕਿ ਅੱਸੀ ਸਾਲ ਦੀ ਉਮਰ ਵਿਚ ਸਵੈ ਜੀਵਨੀ ਲਿਖਣੀ ਸਿਰ ਭਾਰ ਖੜ੍ਹਨ ਵਾਲੀ ਗੱੱਲ ਹੈ। ਸੁਖਜੀਤ ਨੇ ਕਿਹਾ ਕਿ ਤੇਲੂ ਰਾਮ ਕੁਹਾੜਾ ਦੀ ਸਵੈ ਜੀਵਨੀ ਪੜ੍ਹਦਿਆਂ ਉਨ੍ਹਾਂ ਨਾਲ ਸਾਂਝੀਆਂ ਯਾਦਾਂ ਤਾਜ਼ਾ ਹੁੰਦੀਆਂ ਹਨ। ਸਭਾ ਦੇ ਪ੍ਰਧਾਨ ਜਸਵੀਰ ਝੱਜ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਨਿਰਾਸ਼ਤਾ ਵਿਚੋਂ ਕੱਢਣ ਲਈ ਜੀਵਨ ਸੇਧਾਂ ਨਾਲ ਭਰਪੂਰ ਹੈ। ਮੰਚ ਸੰਚਾਲਨ ਹਰਬੰਸ ਮਾਲਵਾ ਨੇ ਕੀਤਾ। ਪ੍ਰਧਾਨਗੀ ਮੰਡਲ ਵਿਚ ਸਰੂਪ ਸਿਆਲਵੀ, ਪੰਜਾਬੀ ਫ਼ਿਲਮ ਅਦਾਕਾਰਾ ਗੁਰਪ੍ਰੀਤ ਕੌਰ, ਸਵਰਨ ਸਿੰਘ ਭੰਗੂ, ਗੁਰਪਿਆਰ ਸਰਾਭਾ ਤੋਂ ਇਲਾਵਾ ਸ਼ਾਇਰਾ ਨੀਤੂ ਰਾਮਪੁਰ, ਬਲਵੰਤ ਮਾਂਗਟ, ਨੇਤਰ ਸਿੰਘ ਮੁੱਤਿਓਂ, ਹਰਬੰਸ ਸਿੰਘ ਰਾਏ, ਰਾਜਿੰਦਰ ਸਿੰਘ ਭੁੱਟਾ, ਗੁਰਸੇਵਕ ਸਿੰਘ ਢਿਲੋਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।