ਪੱਤਰ ਪ੍ਰੇਰਕ
ਸਮਰਾਲਾ, 20 ਅਗਸਤ
ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿੱਚ ਕਹਾਣੀਕਾਰ ਅਜਾਇਬ ਸਿੰਘ ਦੀ ਕਹਾਣੀਆਂ ਦੀ ਕਿਤਾਬ ‘ਤਰੇੜ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਨਰਿੰਦਰ ਸ਼ਰਮਾ, ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ, ਮੁਖਤਿਆਰ ਸਿੰਘ, ਅਜਾਇਬ ਸਿੰਘ ਦੀ ਪਤਨੀ ਲਾਭ ਕੌਰ, ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਅਤੇ ਸਾਹਿਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀਅ ਆਇਆ ਕਿਹਾ। ਕਹਾਣੀਕਾਰ ਸੁਖਜੀਤ ਨੇ ਦੱਸਿਆ ਕਿ ਕਹਾਣੀਕਾਰ ਮੁਖਤਿਆਰ ਸਿੰਘ ਨੇ ‘ਤਰੇੜ’ ਕਿਤਾਬ ਦੇ ਸੰਪਾਦਕ ਬਣਕੇ ਵੱਡਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਇਹ ਕਿਤਾਬ ਸਭਾ ਦੇ ਮੀਤ ਪ੍ਰਧਾਨ ਦੀਪ ਦਿਲਵਰ ਵੱਲੋਂ ‘ਦਿਲਦੀਪ ਪ੍ਰਕਾਸ਼ਨਾਂ’ ਹੇਠ ਛਾਪੀ ਗਈ ਹੈ। ਕਹਾਣੀਕਾਰ ਮੁਖਤਿਆਰ ਸਿੰਘ ਨੇ ਅਜਾਇਬ ਸਿੰਘ ਦੀਆਂ ਕਹਾਣੀਆਂ ਅਤੇ ਜੀਵਨ ਬਾਰੇ ਵਿਸਥਾਰ ’ਚ ਚਰਚਾ ਕੀਤੀ। ਇਸ ਸਮਾਗਮ ਵਿੱਚ ਅਜਾਇਬ ਸਿੰਘ ਹੋਰਾਂ ਦੇ ਪਰਿਵਾਰ ’ਚੋਂ ਲਾਲ ਸਿੰਘ ਮੁਸ਼ਕਾਬਾਦ, ਅਜੈ ਸਿੰਘ, ਪ੍ਰਭਜੋਤ ਕੌਰ, ਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।