ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜਨਵਰੀ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਦੁਰਗਾਪੁਰੀ ਹੈਬੋਵਾਲ ਕਲਾਂ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਦਾ ਸੰਗਤ ਨੇ ਕਈ ਥਾਵਾਂ ਤੇ ਸਵਾਗਤ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਨਗਰ ਕੀਰਤਨ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰੇ ਵਿੱਚ ਆ ਕੇ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਪੰਜ ਪਿਆਰੇ, ਬੈਂਡ, ਗੱਤਕਾ ਪਾਰਟੀਆਂ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਅਤੇ ਸਮਾਜਿਕ, ਭਾਈਚਾਰਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ, ਸਾਬਕਾ ਡਿਪਟੀ ਮੇਅਰ ਆਰਡੀ ਸ਼ਰਮਾ, ਕੌਂਸਲਰ ਮਹਾਰਾਜ ਸਿੰਘ ਰਾਜੀ, ਲੱਕੀ ਰਾਜੀ, ਕੌਂਸਲਰ ਸਾਬੀ ਤੂਰ, ਕੌਂਸਲਰ ਅਵਿਨਾਸ਼ ਸਿੱਕਾ, ਕੌਂਸਲਰ ਰੌਕੀ ਭਾਟੀਆ ਪੁੱਜੇ। ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਵਤਾਰ ਸਿੰਘ, ਗੁਰਮੀਤ ਸਿੰਘ, ਬਲਬੀਰ ਸਿੰਘ, ਬਲਵੰਤ ਸਿੰਘ ਵੱਲੋਂ ਸਿਰੋਪਾਓ ਅਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਜੋੜ ਮੇੇਲੇ ਦੇ ਦੂਜੇ ਦਿਨ ਕੀਰਤਨ ਦਰਬਾਰ ਸਜਾਇਆ
ਰਾਏਕੋਟ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਥਾਨਕ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੇ ਅੱਜ ਦੂਜੇ ਦਿਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਦੇਖ ਰੇਖ ਹੇਠ ਮਹਾਨ ਕਥਾ ’ਤੇ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਸੰਤ ਬਾਬਾ ਟੇਕ ਸਿੰਘ ਧਨੌਲਾ ਜ਼ਿਲ੍ਹਾ ਪ੍ਰਧਾਨ ਬਰਨਾਲਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਰਘਬੀਰ ਸਿੰਘ ਸਹਾਰਨਮਾਜਰਾ ਨੇ ਹਾਜ਼ਰੀ ਲਵਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਅੰਮ੍ਰਿਤ ਸੰਚਾਰ ਕਰਨ ਦੀ ਅਪੀਲ ਕੀਤੀ ਗਈ।