ਪੱਤਰ ਪ੍ਰੇਰਕ
ਰਾਏਕੋਟ, 13 ਮਾਰਚ
ਨੇੜਲੇ ਪਿੰਡ ਬੱਸੀਆਂ ਦੇ ਗੁਰਦੁਆਰਾ ਸ਼ਤਰੰਜਸਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਦਿਨਾ 89ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਅੱਜ ਪਹਿਲੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਫੌਜੀ ਬੈਂਡ ਅਤੇ ਗਤਕਾ ਪਾਰਟੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਦੌਰਾਨ ਪ੍ਰਸਿੱਧ ਕਵੀਸ਼ਰੀ ਜਥਿਆਂ, ਭਾਈ ਗੁਰਪ੍ਰੀਤ ਸਿੰਘ ਬੱਧਨੀ , ਪੰਡਿਤ ਸੋਮਨਾਥ ਰੋਡਿਆਂ ਵਾਲੇ, ਭਾਈ ਮੱਖਣ ਸਿੰਘ ਦਸਮੇਸ਼ ਨਗਰ, ਭਾਈ ਕੁਲਵੰਤ ਸਿੰਘ ਮਾਣੂੰਕੇ ਅਤੇ ਬੀਬੀ ਅਮਨਦੀਪ ਕੌਰ ਖ਼ਾਲਸਾ ਨਕੋਦਰ ਵਾਲਿਆਂ ਦੇ ਢਾਡੀ ਜੱਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਉੱਪਲ, ਜਥੇਦਾਰ ਜਗਰਾਜ ਸਿੰਘ ਉੱਪਲ, ਖਜ਼ਾਨਚੀ ਕੁਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਸਾਲਾਨਾ ਧਾਰਮਿਕ ਦੀਵਾਨਾਂ ਦੇ ਸਬੰਧ ਵਿੱਚ 14 ਤੇ 15 ਮਾਰਚ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਦੀਵਾਨਾਂ ਦੌਰਾਨ ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ।