ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 26 ਫ਼ਰਵਰੀ
ਅੱਜ ਗੁਰੂ ਰਵਿਦਾਸ ਦੇ 644ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਥੋਂ ਦੇ ਗੁਰਦੁਆਰਾ ਸਤਨਾਮ ਸਾਹਿਬ ਤੋਂ 16ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸਤਨਾਮ ਨਗਰ ਤੋਂ ਅਰੰਭ ਹੋ ਕੇ ਦਾਣਾ ਮੰਡੀ, ਵਾਲਮੀਕਿ ਮੁਹੱਲਾ, ਬੇਗੋਵਾਲ ਰੋਡ, ਲੱਕੜ ਮੰਡੀ, ਵਿਸ਼ਵਕਰਮਾ ਰੋਡ, ਅੜੈਚਾਂ ਕਲੋਨੀ, ਸੁੰਦਰ ਨਗਰ, ਜੈਲਦਾਰ ਮੁਹੱਲਾ, ਰੇਲਵੇ ਰੋਡ, ਰਾਮਪੁਰ ਰੋਡ, ਸਪੇਰਾ ਬਸਤੀ, ਮਛਾਲ ਨਗਰ ਅਤੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੇ ਸਵਾਗਤ ਲਈ ਲੋਕਾਂ ਨੇ ਹਰ ਪੜਾਅ ’ਤੇ ਸਵਾਗਤੀ ਗੇਟ ਸਜਾ ਕੇ ਫੁੱਲਾਂ ਦੀ ਵਰਖਾ ਕੀਤੀ। ਇਸੇ ਤਰ੍ਹਾਂ ਖੰਨਾ ਵਿੱਚ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਅਮਲੋਹ ਰੋਡ, ਜਰਨੈਲੀ ਸੜਕ, ਮਲੇਰਕੋਟਲਾ ਰੋਡ, ਪੀਰਖ਼ਾਨਾ ਰੋਡ, ਲਲਹੇੜੀ ਚੌਂਕ, ਸਮਰਾਲਾ ਚੌਕ ਤੋਂ ਹੁੰਦਾ ਹੋਇਆ ਵੱਖ ਵੱਖ ਥਾਵਾਂ ਤੇ ਪੁੱਜਿਆ। ਇਸ ਮੌਕੇ ਜਿੱਥੇ ਸ਼ਹਿਰ ਦੀਆਂ ਅਨੇਕਾਂ ਬੈਂਡ, ਗੱਤਕਾ ਪਾਰਟੀਆਂ, ਕੀਰਤਨੀ ਜੱਥੇ ਸ਼ਾਮਲ ਹੋਏ, ਉਥੇ ਇਲਾਕੇ ਦੀਆਂ ਸੰਗਤਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ
ਲੁਧਿਆਣਾ (ਖੇਤਰੀ ਪ੍ਰਤੀਨਿਧ): ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ, ਸੈਕਟਰ-39 ਵਿੱਚ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਰਾਹੀਂ ਵਿਦਿਆਰਥੀਆਂ ਨੂੰ ਮਾਨਵਤਾ ਅਤੇ ਧਰਮ ਨਿਰਪੱਖਤਾ ਦਾ ਸੁਨੇਹਾ ਦੇਣ ਹਿੱਤ ਅਰਦਾਸ ਕਰਵਾਈ ਗਈ। ਸਕੂਲ ਮੁੱਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਬੱਚਿਆਂ ਅੰਦਰ ਧਰਮ ਨਿਰਪੱਖਤਾ ਵਾਲੀ ਸੋਚ ਪੈਦਾ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਬੱਚਿਆਂ ਨੂੰ ਜਾਤ-ਪਾਤ ਤੋਂ ਉਪਰ ਉੱਠਣ, ਵਾਤਾਵਰਨ ਦੀ ਸਾਂਭ-ਸੰਭਾਲ ਕਰਨ, ਮਾਤਾ-ਪਿਤਾ ਦਾ ਸਤਿਕਾਰ ਕਰਨ ਅਤੇ ਨਿੱਜੀ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਬੀਪੀਈਓ ਮਾਂਗਟ-2 ਆਸ਼ਾ ਰਾਣੀ ਵੱਲੋਂ ਸਕੂਲ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਸਮਾਗਮ ’ਚ ਕਿਸ਼ਨ ਸਿੰਘ, ਸ਼ਰਮੀਲਾ ਰਾਣੀ, ਮੀਨਾਕਸ਼ੀ, ਗਿਤੀਕਾ, ਗੁਰਪ੍ਰੀਤ ਕੌਰ, ਸੀਮਾ ਅਤੇ ਭੂਸ਼ਣ ਲਾਲ ਖੰਨਾ ਆਦਿ ਹਾਜ਼ਰ ਸਨ।