ਲੁਧਿਆਣਾ (ਸਤਵਿੰਦਰ ਬਸਰਾ): ਕਰੋਨਾ ਮਹਾਮਾਰੀ ਕਰ ਕੇ ਬੰਦ ਕੀਤੇ ਸਕੂਲ ਭਾਵੇਂ ਵਿਭਾਗ ਨੇ ਅੱਜ ਤੋਂ ਖੋਲ੍ਹ ਦਿੱਤੇ ਹਨ ਪਰ ਪਹਿਲੇ ਦਿਨ ਵਿਦਿਆਰਥੀਆਂ ਦੀ ਗਿਣਤੀ ਨਾਂਹ ਦੇ ਬਰਾਬਰ ਹੀ ਰਹੀ। ਇਸ ਦਾ ਕਾਰਨ ਜਲਦਬਾਜ਼ੀ ਵਿੱਚ ਕੀਤਾ ਗਿਆ ਫ਼ੈਸਲਾ ਵੀ ਮੰਨਿਆ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਕਈ ਸਕੂਲ ਤਾਂ ਅਜਿਹੇ ਵੀ ਹਨ ਜਿੱਥੇ ਇੱਕ ਵੀ ਬੱਚਾ ਸਕੂਲ ਨਹੀਂ ਆਇਆ। ਸਥਾਨਕ ਸਮਿੱਟਰੀ ਰੋਡ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਤਸਕੀਨ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਦਾ ਸਕੂਲ ਡਬਲ ਸ਼ਿਫਟ ਵਿੱਚ ਚਲਦਾ ਹੈ। ਪਹਿਲੇ ਦਿਨ ਸਕੂਲ ਵਿੱਚ 50 ਫ਼ੀਸਦ ਵਿਦਿਆਰਥੀ ਆਏ ਹਨ। ਇਸੇ ਤਰ੍ਹਾਂ ਭਾਰਤ ਨਗਰ ਚੌਂਕ ਸਥਿਤ ਲੜਕੀਆਂ ਦੇ ਸਕੂਲ ਵਿੱਚ ਵੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੀ ਰਹੀ। ਇਨ੍ਹਾਂ ਤੋਂ ਇਲਾਵਾ ਭਾਵੇਂ ਹੋਰ ਸਕੂਲਾਂ ਵਿੱਚ ਵਿਦਿਆਰਥੀ ਆਏ ਪਰ ਇਨਾਂ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ ਪੜ੍ਹਾਈ ਨਹੀਂ ਹੋ ਸਕੀ। ਸ਼ਹਿਰ ਅਤੇ ਆਸ-ਪਾਸ ਦੇ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਚੋਣਾਂ ਵਿੱਚ ਲੱਗੀ ਹੋਈ ਹੈ ਜਿਸ ਕਰ ਕੇ ਉਨ੍ਹਾਂ ਦੇ ਵਿਸ਼ਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਡੀਈਓ ਜਸਵਿੰਦਰ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਆਈਆਂ ਹਦਾਇਤਾਂ ਸਕੂਲ ਮੁਖੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਆਉਂਦੇ ਦਿਨਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਹੋਰ ਵਧ ਜਾਵੇਗੀ।