ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਜੂਨ
ਖ਼ਾਲਸਾ ਕਾਲਜ ਫ਼ਾਰ ਵਿਮੈੱਨ ਸਿੱਧਵਾਂ ਖੁਰਦ ਵਿੱਚ ਸਾਇੰਸ ਵਿਭਾਗ ਅਤੇ ਪਲਾਂਟੇਸ਼ਨ ਕਮੇਟੀ ਨੇ ਆਈਕਿਊਏਸੀ ਦੇ ਸਹਿਯੋਗ ਨਾਲ ਵੈਬਿਨਾਰ ਕਰਵਾਇਆ। ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਅਗਵਾਈ ਹੇਠ ਇਹ ਵੈਬਿਨਾਰ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਸੀ। ਮੁੱਖ ਬੁਲਾਰੇ ਡਾ. ਚਰਨ ਕੁਮਾਰ ਐਸੋਸੀਏਟ ਪ੍ਰੋਫ਼ੈਸਰ ਜ਼ੂਲੌਜੀ ਵਿਭਾਗ ਏਐੱਸ ਕਾਲਜ ਖੰਨਾ ਵੱਲੋਂ ਪੰਜਾਬ ’ਚ ਆਮ ਮਿਲਣ ਵਾਲੇ ਪੰਛੀਆਂ ਦੀਆਂ ਆਲ੍ਹਣਾ-ਨਿਰਮਾਣ ਪ੍ਰਸਥਿਤੀਆਂ ਵਿਸ਼ੇ ਉਪਰ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ। ਵੈਬਿਨਾਰ ਦੇ ਕਨਵੀਨਰ ਡਾ. ਇਕਬਾਲਜੀਤ ਕੌਰ ਨੇ ਦੱਸਿਆ ਕਿ ਡਾ. ਚਰਨ ਕੁਮਾਰ ਦੇ ਕੌਮੀ ਤੇ ਕੌਮਾਂਤਰੀ ਰਸਾਲਿਆਂ ’ਚ 40 ਵਿਗਿਆਨਕ ਪੇਪਰ ਪ੍ਰਕਾਸ਼ਿਤ ਹਨ। ਡਾ. ਚਰਨ ਕੁਮਾਰ ਨੇ ਪੀਪੀਟੀ ਰਾਹੀਂ ਸਮਝਾਹਿਆ ਕਿ ਜੇਕਰ ਪੰਛੀਆਂ ਦੀ ਖੁਰਾਕ, ਆਲ੍ਹਣਾ ਬਣਾਉਣ ਦੀ ਸਮੱਗਰੀ ਤੇ ਸਥਾਨ ’ਤੇ ਧਿਆਨ ਦਈਏ ਤੇ ਉਨ੍ਹਾਂ ਲਈ ਲੋੜੀਂਦੇ ਸਰੋਤਾਂ ਦੀ ਸੰਭਾਲ ਕਰੀਏ ਤਾਂ ਪੰਛੀਆਂ ਦੀ ਘੱਟ ਰਹੀ ਗਿਣਤੀ ’ਤੇ ਕਾਬੂ ਪਾਇਆ ਜਾ ਸਕਦੈ। ਸਥਾਨਕ ਭਾਈਚਾਰਾ ਇਸ ਕੰਮ ’ਚ ਸਭ ਤੋਂ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ, ਜਿਸ ਦੀ ਸ਼ੁਰੂਆਤ ਵਿਅਕਤੀਗਤ ਪੱਧਰ ਤੋਂ ਹੁੰਦੀ ਹੈ। ਕਾਲਜ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਕਿਹਾ ਕਿ ਇਸ ਵੈਬਿਨਾਰ ਦਾ ਫਾਇਦਾ ਹਰੇਕ ਨੂੰ ਹੋਵੇਗਾ। ਡਾ. ਅਮਨਦੀਪ ਕੌਰ ਨੇ ਸਾਰਿਆਂ ਧੰਨਵਾਦ ਕੀਤਾ। ਪ੍ਰੋ. ਪੁਨੀਤ ਵਧਵਾ, ਪ੍ਰੋ. ਰਮਨਪ੍ਰੀਤ ਕੌਰ ਅਤੇ ਪ੍ਰੋ. ਨਵਜੋਤ ਜੋਤੀ ਨੇ ਤਕਨੀਕੀ ਸਹਾਇਤਾ ਕੀਤੀ।