ਪੱਤਰ ਪ੍ਰੇਰਕ
ਸਮਰਾਲਾ, 21 ਅਗਸਤ
ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਇਕਾਈ ਸਮਰਾਲਾ ਦੀ ਇੱਕ ਜ਼ਰੂਰੀ ਮੀਟਿੰਗ ਸੁਨੀਲ ਅਗਰਵਾਲ ਦੀ ਪ੍ਰਧਾਨਗੀ ’ਚ ਹੋਈ। ਜਿਸ ’ਚ 22 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਖਾਦ, ਬੀਜ ਦੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਾ ਕਰਨ ਕਰ ਕੇ ਸਮੂਹ ਪੰਜਾਬ ਦੇ ਡੀਲਰਾਂ ਵੱਲੋਂ 22 ਅਗਸਤ ਦਿਨ ਸੋਮਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਸਮਰਾਲਾ ਦੇ ਅਹੁਦੇਦਾਰ ਤੇ ਡੀਲਰ ਉਸ ਦਿਨ ਆਪਣੀਆਂ ਦੁਕਾਨਾਂ ਬੰਦ ਕਰ ਕੇ ਮੁਹਾਲੀ ਸਥਿਤ ਡਾਇਰੈਕਟਰ ਖੇਤੀਬਾੜੀ ਪੰਜਾਬ ਦੇ ਦਫ਼ਤਰ ਮੂਹਰੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ। ਇਸ ਮੀਟਿੰਗ ’ਚ ਉਪਰੋਕਤ ਤੋਂ ਇਲਾਵਾ ਰਾਜਿੰਦਰ ਸ਼ਰਮਾ ਪ੍ਰੈਸ ਸਕੱਤਰ, ਗੁਰਦੀਪ ਸਿੰਘ ਢਿੱਲੋਂ, ਸੰਦੀਪ ਗੁਪਤਾ, ਸੁਖਵਿੰਦਰ ਸਿੰਘ, ਵਿਕਾਸ ਸਿੰਗਲਾ, ਅੱਬਾਸ ਮੁਹੰਮਦ ਦਿਲਸ਼ਾਦ, ਨਰਿੰਦਰ ਕੁਮਾਰ, ਰਾਜੀਵ ਖੁੱਲਰ, ਸ਼ਾਮ ਲਾਲ ਥਾਪਰ ਆਦਿ ਹਾਜ਼ਰ ਸਨ।