ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਅਗਸਤ
ਜਮਹੂਰੀ ਕਿਸਾਨ ਸਭਾ ਨੇ ਸਤਲੁਜ ਦਰਿਆ ’ਚ ਪੈਂਦੇ ਦੂਸ਼ਿਤ ਪਾਣੀ ਦੀ ਰੋਕਥਾਮ ਲਈ ਸੰਘਰਸ਼ ਦਾ ਬਿਗਲ ਵਜਾਉਂਦਿਆਂ ਸਰਕਾਰ ਤੇ ਪ੍ਰਸ਼ਾਸਨ ਨੂੰ 14 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸ ਤਾਰੀਕ ਤੱਕ ਵੱਖ-ਵੱਖ ਪਾਸਿਓਂ ਸਤਲੁਜ ’ਚ ਪੈਂਦੇ ਗੰਦੇ ਪਾਣੀ ਨੂੰ ਨਾ ਰੋਕੇ ਜਾਣ ਦੀ ਸੂਰਤ ’ਚ ਕਿਸਾਨ ਜਥੇਬੰਦੀ ਨੇ ਬੁੱਢੇ ਨਾਲੇ ’ਤੇ ਬੰਨ੍ਹ ਲਾਉਣ ਦੀ ਤਾੜਨਾ ਕੀਤੀ ਹੈ। ਜ਼ਿਲ੍ਹਾ ਲੁਧਿਆਣਾ ਤੇ ਜਲੰਧਰ ਦੀ ਸਾਂਝੀ ਮੀਟਿੰਗ ਹੰਸਾ ਸਿੰਘ ਦੇ ਗ੍ਰਹਿ ਵਿਖੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਤੇ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਪੂੰਜੀਪਤੀਆਂ ਵੱਲੋਂ ਦਰਿਆਵਾਂ ਤੇ ਧਰਤੀ ਹੇਠਲਾ ਪਾਣੀ ਗੰਧਲਾ ਕੀਤਾ ਜਾ ਰਿਹਾ ਹੈ। ਲੁਧਿਆਣਾ ਸ਼ਹਿਰ ਦੀਆਂ ਬਹੁਤ ਸਾਰੀਆਂ ਫੈਕਟਰੀਆਂ ਆਪਣਾ ਕੈਮੀਕਲ ਮਿਲਿਆ ਗੰਦਾ ਪਾਣੀ ਬੁੱਢੇ ਦਰਿਆ ’ਚ ਸੁੱਟ ਦਿੰਦੀਆਂ ਹਨ। ਇਹ ਗੰਦਾ ਪਾਣੀ ਅੱਗੇ ਜਾ ਕਿ ਪਿੰਡ ਵਲੀਪੁਰ ਕੋਲ ਸਤਲੁਜ ਦਰਿਆ ’ਚ ਮਿਲ ਜਾਂਦਾ ਹੈ, ਜਿਸ ਕਰਕੇ ਸਤਲੁਜ ਦਾ ਪਾਣੀ ਦੂਸ਼ਿਤ ਹੋ ਜਾਂਦਾ ਹੈ। ਇਹ ਪਾਣੀ ਅੱਗੇ ਕਈ ਥਾਂਵਾਂ ’ਤੇ ਜਾ ਕੇ ਲੋਕਾਂ ਦੇ ਪੀਣ ਲਈ ਵਰਤਿਆ ਜਾਂਦਾ ਹੈ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਗੰਦਾ ਪਾਣੀ ਦਰਿਆਵਾਂ ’ਚ ਮਿਲਾਉਣਾ ਬੰਦ ਨਾ ਕੀਤਾ ਤਾਂ 14 ਅਗਸਤ ਨੂੰ ਪਿੰਡ ਵਲੀਪੁਰ ਕੋਲ ਬੁੱਢੇ ਨਾਲੇ ’ਤੇ ਬੰਨ੍ਹ ਮਾਰ ਕੇ ਪਾਣੀ ਰੋਕ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਇਸ ਐਕਸ਼ਨ ’ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਜਨਵਾਦੀ ਇਸਤਰੀ ਸਭਾ ਆਦਿ ਜਨਤਕ ਜਥੇਬੰਦੀਆਂ ਵੱਲੋਂ ਵੀ ਹਿੱਸਾ ਲਿਆ ਜਾਵੇਗਾ। ਮੀਟਿੰਗ ਸਮੇਂ ਕਿਸਾਨੀ ਨਾਲ ਸਬੰਧਤ ਲਟਕਦੇ ਮੁੱਦਿਆਂ ’ਤੇ ਵੀ ਚਰਚਾ ਹੋਈ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਦਾ ਫ਼ੈਸਲਾ ਹੋਇਆ।