ਪੱਤਰ ਪ੍ਰੇਰਕ
ਮਾਛੀਵਾੜਾ, 23 ਜੂਨ
ਬਲਾਕ ਪੰਚਾਇਤ ਦਫ਼ਤਰ ਮਾਛੀਵਾੜਾ ਵਿੱਚ ਸ਼ਾਮਲਾਤ ਜ਼ਮੀਨਾਂ ’ਤੇ ਪੌਦੇ ਲਾ ਕੇ ਇਸ ਨੂੰ ਵਿਰਾਸਤੀ ਜੰਗਲ ਦਾ ਰੂਪ ਦੇਣ ਲਈ ਇੱਕ ਮੀਟਿੰਗ ਹੋਈ ਜਿਸ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸ਼ਮੂਲੀਅਤ ਕੀਤੀ। ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਰਾਊਂਡ ਗਲਾਸ ਫਾਊਂਡੇਸ਼ਨ ਦੀ ਸਹਾਇਤਾ ਨਾਲ ਮਾਛੀਵਾੜਾ ਦੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ’ਤੇ ਪੌਦੇ ਲਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਸ਼ਾਮਲਾਤ ਜ਼ਮੀਨਾਂ ’ਤੇ ਜੰਗਲ ਲਾਏ ਜਾਣਗੇ ਜੋ ਚਕੌਤੇ ’ਤੇ ਨਹੀਂ ਚੜ੍ਹੀਆਂ ਜਾਂ ਫਿਰ ਜਿਨ੍ਹਾਂ ਤੋਂ ਬਹੁਤ ਘੱਟ ਆਮਦਨ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਪੌਦੇ ਲਗਾਉਣ ਅਤੇ ਸਾਂਭ-ਸੰਭਾਲ ਦਾ ਕੰਮ ਮਨਰੇਗਾ ਮਜ਼ਦੂਰਾਂ ਨੂੰ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵੀ ਸ਼ਾਮਲਾਤ ਜ਼ਮੀਨਾਂ ਵਿੱਚ ਵੱਧ ਤੋਂ ਵੱਧ ਪੌਦੇ ਲਾਉਣ। ਇਸ ਦੌਰਾਨ ਬੀਡੀਪੀਓ ਅਮਰਦੀਪ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਬਲਾਕ ਦੇ ਕੁਝ ਪਿੰਡਾਂ ’ਚ ਸ਼ਾਮਲਾਤ ਜ਼ਮੀਨ ਦੀ ਚੋਣ ਕੀਤੀ ਗਈ ਹੈ ਜਿੱਥੇ ਇਹ ਕੰਮ ਆਰੰਭਿਆ ਜਾਵੇਗਾ। ਇਸ ਮੌਕੇ ਹਾਜ਼ਰ ਰਾਊਂਡ ਗਲਾਸ ਫਾਊਂਡੇਸ਼ਨ ਦੇ ਨੁਮਾਇੰਦੇ ਹਰਦੀਪ ਸਿੰਘ ਤੇ ਭਰਪੂਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਪੰਚਾਇਤਾਂ ਨੂੰ ਪੌਦੇ ਮੁਫ਼ਤ ਮੁਹੱਈਆ ਕਰਵਾਏ ਜਾਣਗੇ।