ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 26 ਮਈ
ਧਰਤੀ ਹੇਠਲੇ ਪਾਣੀ ਤੇ ਵਾਤਾਵਰਨ ਦੀ ਰਾਖੀ, ਬਿਜਲੀ ਸੰਕਟ ਅਤੇ ਸਸਤੀ ਖੇਤੀ ਦਾ ਮਾਡਲ ਅਪਣਾਉਣ ਲਈ ਵੀ ਕਿਸਾਨ, ਮੋਰਚਾ ਲਾਉਣ ਦੀਆਂ ਵਿਉਂਤਾਂ ਬਣਾਉਣ ਲੱਗੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਸੁਧਾਰ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਸਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੂਨ ਦੇ ਪਹਿਲੇ ਹਫ਼ਤੇ ਖੇਤੀ ਦੇ ਕਾਰਪੋਰੇਟ ਮਾਡਲ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਬਦਲਵੇਂ ਖੇਤੀ ਮਾਡਲ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ-ਪਿੰਡ ਮੁਹਿੰਮ ਚਲਾਈ ਜਾਵੇਗੀ। ਕਿਸਾਨ ਆਗੂਆਂ ਨੇ ਝੋਨੇ ਦੀ ਸਿੱਧੀ ਬਿਜਾਈ ਲਈ 10 ਹਜ਼ਾਰ ਰੁਪਏ ਜੋਖ਼ਮ ਭੱਤਾ ਦੇਣ ਦੀ ਮੰਗ ਕੀਤੀ। ਜ਼ਿਲ੍ਹਾ ਕਮੇਟੀ ਮੈਂਬਰ ਯੁਵਰਾਜ ਸਿੰਘ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਹੋਈ ਬਲਾਕ ਕਮੇਟੀ ਦੀ ਚੋਣ ਵਿੱਚ ਮਨਜੀਤ ਸਿੰਘ ਬੁੱਢੇਲ ਪ੍ਰਧਾਨ, ਤਜਿੰਦਰ ਸਿੰਘ ਜਾਂਗਪੁਰ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਸਿੰਘ ਦਾਖਾ ਮੀਤ ਪ੍ਰਧਾਨ, ਬਲਰਾਜ ਸਿੰਘ ਹਲਵਾਰਾ ਜਨਰਲ ਸਕੱਤਰ, ਜਗਦੇਵ ਸਿੰਘ ਟੂਸਾ ਸਹਾਇਕ ਸਕੱਤਰ, ਅਜੀਤ ਸਿੰਘ ਦਾਖਾ ਅਤੇ ਪਲਵਿੰਦਰ ਸਿੰਘ ਕ੍ਰਮਵਾਰ ਖ਼ਜ਼ਾਨਚੀ ਅਤੇ ਸਹਾਇਕ ਖ਼ਜ਼ਾਨਚੀ ਚੁਣੇ ਗਏ।