ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਮਈ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਲਕੇ ਰਾਜ ਦੇ ਸਾਰੇ ਵਿਧਾਇਕਾਂ ਨੂੰ ਕਿਸਾਨੀ ਮੰਗਾਂ ਸਬੰਧੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਮੰਗ ਪੱਤਰ ਸੌਂਪਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਜ਼ਿਲ੍ਹੇ ਭਰ ’ਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਵਰਕਰ ਲੁਧਿਆਣਾ, ਜਗਰਾਉਂ, ਰਾਏਕੋਟ ਤੇ ਮੁੱਲਾਂਪੁਰ ਵਿੱਚ ਇਹ ਮੰਗ ਪੱਤਰ ਦੇਣਗੇ। ਜਗਰਾਉਂ ਵਿੱਚ ਕਿਸਾਨ ਜਥੇਬੰਦੀਆਂ ਦੇ ਵਰਕਰ ਸਵੇਰੇ ਸਾਢੇ ਦਸ ਵਜੇ ਸਿਟੀ ਥਾਣੇ ਮੂਹਰੇ ਚੱਲ ਰਹੇ ਸੰਘਰਸ਼ ਧਰਨੇ ’ਚ ਇਕੱਠੇ ਹੋ ਕੇ ਸਕੂਟਰਾਂ, ਮੋਟਰਸਾਈਕਲਾਂ ’ਤੇ ਮਾਰਚ ਕਰਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦੇਣਗੇ। ਇਸੇ ਤਰ੍ਹਾਂ ਰਾਏਕੋਟ ਵਿੱਚ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ’ਚ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਇਕੱਠੇ ਹੋ ਕੇ ਝੰਡੇ ਬੈਨਰਾਂ ਨਾਲ ਲੈਸ ਹੋ ਕੇ ਮਾਰਚ ਕਰਦੇ ਹੋਏ ਵਿਧਾਇਕ ਹਾਕਮ ਸਿੰਘ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਗਰਾਉਂ ਤੇ ਸਿੱਧਵਾਂ ਬੇਟ ਇਲਾਕੇ ਦੇ ਕਿਸਾਨ ਪਹਿਲਾਂ ਸਵੇਰੇ ਅਗਵਾੜ ਲੋਪੋਂ ਪਾਰਕ ਲਾਗੇ ਇਕੱਤਰ ਹੋਣਗੇ। ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਦੇਣ, ਗੰਨੇ ਦਾ ਬਕਾਇਆ ਜਾਰੀ ਕਰਨ, ਬਿਜਲੀ ਸਪਲਾਈ ਤੇ ਨਹਿਰੀ ਪਾਣੀ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ, ਫ਼ਸਲੀ ਚੱਕਰ ਬਦਲਣ ਸਬੰਧੀ ਠੋਸ ਨੀਤੀ ਬਣਾਉਣ, ਕਿਸਾਨਾਂ ਦੇ ਸਾਰੇ ਕਰਜ਼ੇ ਯਕਮੁਸ਼ਤ ਖ਼ਤਮ ਕਰਨ, ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਅਤੇ ਨੌਕਰੀ ਦੇ ਪੱਤਰ ਜਾਰੀ ਕਰਨ ਤੇ ਹਾਈਵੇਅ ਨਾਲ ਸਬੰਧਤ ਮਸਲਿਆਂ ਦੇ ਯੋਗ ਨਿਪਟਾਰੇ ਦੀ ਮੰਗ ਕੀਤੀ ਜਾਵੇਗੀ।