ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਲਕੇ ਤਿੰਨ ਅਕਤੂਬਰ ਨੂੰ ਸਾਲ ਪਹਿਲਾਂ ਲਖੀਮਪੁਰ ਖੀਰੀ (ਯੂਪੀ) ਵਿੱਚ ਕਿਸਾਨਾਂ ’ਤੇ ਜੀਪ ਚੜ੍ਹਾਉਣ ਵਾਲੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣ ਲਈ ਕਿਸਾਨ ਜਥੇਬੰਦੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਕੂਮਤ ਦੀਆਂ ਅਰਥੀਆਂ ਫੂਕਣ ਮਗਰੋਂ ਮੰਗ ਪੱਤਰ ਦਿੱਤੇ ਜਾਣਗੇ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ’ਚ ਇਥੇ ਹੋਈ ਇਕੱਤਰਤਾ ’ਚ ਦੱਸਿਆ ਗਿਆ ਤਿੰਨ ਅਕਤੂਬਰ ਨੂੰ ਜਗਰਾਉਂ ਤੋਂ ਇਲਾਵਾ ਰਾਏਕੋਟ, ਪਾਇਲ ਅਤੇ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਹੋਣਗੇ। ਉਧਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਇਲਾਕੇ ਦੇ ਪਿੰਡਾ ’ਚ ਇਸ ਸੱਦੇ ਦੀ ਸਫ਼ਲਤਾ ਲਈ ਲਾਮਬੰਦੀ ਮੁਹਿੰਮ ਮੁਕੰਮਲ ਕਰ ਲੈਣ ਮਗਰੋਂ ਚੌਕੀਮਾਨ ਟੌਲ ’ਤੇ ਭਰਵੀਂ ਇੱਤਰਤਾ ਹੋਈ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਇਸ ਸਮੇਂ ਕਿਹਾ ਕਿ ਸੋਮਵਾਰ ਨੂੰ ਕਿਸਾਨਾਂ ਦਾ ਵਿਸ਼ਾਲ ਕਾਫਲਾ ਚੌਂਕੀਮਾਨ ਟੌਲ ਤੋਂ ਮੁੱਲਾਂਪੁਰ ਲਈ ਰਵਾਨਾ ਹੋਵੇਗਾ ਜਿੱਥੇ ਕਿਸਾਨ ਜਥੇਬੰਦੀਆਂ ਅਰਥੀ ਫੂਕ ਮੁਜ਼ਾਹਰਾ ਕਰਨਗੀਆਂ।
ਦੋਰਾਹਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਵੱਲੋਂ 3 ਅਕਤੂਬਰ ਨੂੰ ਜ਼ਿਲ੍ਹਾ ਲੁਧਿਆਣਾ ਵਿੱਚ ਤਹਿਸੀਲ ਪੱਧਰ ’ਤੇ ਮੰਗ ਪੱਤਰ ਦੇ ਕੇ ਕੇਂਦਰ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਗਿਆ। ਆਗੂਆਂ ਜਸਵੀਰ ਝੱਜ, ਚਮਕੌਰ ਸਿੰਘ ਬਰਮੀ ਤੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਕੇਂਦਰ ਸਰਕਾਰ ਦੀ ਅਰਥੀ ਫੂਕੇ ਜਾਣ ਮਗਰੋਂ ਮੰਗ ਪੱਤਰ ਦਿੱਤੇ ਜਾਣਗੇ।
ਐੱਸਡੀਐੱਮ ਦਫ਼ਤਰ ਅੱਗੇ ਮੁਜ਼ਾਹਰਾ ਭਲਕੇ
ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਇੱਥੇ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਸਥਾਨਕ ਆਗੂਆਂ ਦੀ ਮੀਟਿੰਗ ਵਿੱਚ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਬਰਖ਼ਾਸਤਗੀ ਅਤੇ ਗ੍ਰਿਫ਼ਤਾਰੀ ਲਈ ਦੇਸ਼ ਵਿਆਪੀ ਰੋਸ ਦਿਵਸ ਮੌਕੇ ਐੱਸਡੀਐੱਮ ਦਫ਼ਤਰ ਰਾਏਕੋਟ ਦੇ ਸਾਹਮਣੇ ਅਰਥੀ ਫ਼ੂਕ ਰੋਸ ਪ੍ਰਦਰਸ਼ਨ ਕਰਨ ਅਤੇ ਮੰਗ-ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ।