ਜਸਬੀਰ ਸ਼ੇਤਰਾ
ਜਗਰਾਉਂ, 10 ਅਪਰੈਲ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਨੇੜਲੇ ਪਿੰਡ ਤਲਵੰਡੀ ਕਲਾਂ ਵਿੱਚ ਕਾਰਜਕਾਰੀ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 13 ਅਪਰੈਲ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਇਲਾਕੇ ਭਰ ਦਾ ਵਿਸ਼ਾਲ ਧਾਰਮਿਕ ਤੇ ਜਥੇਬੰਦਕ ਸਮਾਗਮ ਚੌਕੀਮਾਨ ਟੌਲ ’ਤੇ ਹੋਵੇਗਾ। ਸਭ ਤੋਂ ਪਹਿਲਾਂ ਮਹਾਨ ਕਿਸਾਨ ਅੰਦੋਲਨ ਦੇ 750 ਕਿਸਾਨ, ਮਜ਼ਦੂਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਅਗਲੇ ਸੰਘਰਸ਼ ਅਤੇ ਕੇਂਦਰ ਸਰਕਾਰ ਵੱਲੋਂ ਅਪਣਾਏ ਰੁਖ਼ ਬਾਰੇ ਚਰਚਾ ਹੋਵੇਗੀ। ਮੀਟਿੰਗ ’ਚ ਹਾਜ਼ਰ ਜਥੇਦਾਰ ਰਣਜੀਤ ਸਿੰਘ ਗੁੜੇ, ਜਸਦੇਵ ਸਿੰਘ ਲਲਤੋਂ, ਨੰਬਰਦਾਰ ਬਲਜੀਤ ਸਿੰਘ, ਜਗਮੋਹਣ ਸਿੰਘ ਸਵੱਦੀ, ਸੁਰਜੀਤ ਸਿੰਘ ਆਦਿ ਨੇ ਨਿੱਗਰ ਸੁਝਾਅ ਪੇਸ਼ ਕੀਤੇ। ਵਿਸਾਖੀ ਵਾਲੇ ਇਸ ਪ੍ਰੋਗਰਾਮ ਨੂੰ ਨੇਪਰੇ ਚੜ੍ਹਾਉਣ ਲਈ 7 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਵਿਸਾਖੀ ਵਾਲੇ ਦਿਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਦਰਬਾਰ ਹੋਵੇਗਾ। ਅਖੀਰ ’ਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੇ ਬੁਲਾਰੇ ਵਿਚਾਰ ਪੇਸ਼ ਕਰਨਗੇ।
ਭਲਕ ਦੀ ਕਨਵੈਨਸ਼ਨ ਮੁਲਤਵੀ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਦੱਸਿਆ ਕਿ 12 ਅਪਰੈਲ ਨੂੰ ਜਗਰਾਉਂ ਵਿੱਚ ਹੋਣ ਵਾਲੀ ਕਨਵੈਨਸ਼ਨ ਮੁਲਤਵੀ ਕਰ ਦਿੱਤੀ ਗਈ ਹੈ। ਅਜਿਹਾ ਵਾਢੀ ਦੇ ਰੁਝੇਵਿਆਂ ਕਰਕੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵਰਚੁਅਲ ਮੀਟਿੰਗ ਕਰਕੇ ਫ਼ੈਸਲਾ ਲਿਆ ਹੈ ਕਿ ਪੰਜਾਬ ’ਚ ਵਾਢੀ ਦਾ ਇਕਦਮ ਜ਼ੋਰ ਪੈ ਜਾਣ ਕਾਰਨ ਕਨਵੈਨਸ਼ਨਾਂ ਅਤੇ ਸੈਮੀਨਾਰ ਕਰਨ ਦੀ ਬਜਾਏ ਦੇਸ਼ਿਵਆਪੀ ਸੱਦੇ ਨੂੰ ਲਾਗੂ ਕਰਨ ਲਈ ਪੰਜਾਬ ਭਰ ’ਚ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜੇ ਜਾਣਗੇ। ਇਹ ਮੰਗ ਪੱਤਰ ਸਾਰੇ ਜ਼ਿਲ੍ਹਿਆਂ ’ਚ 11 ਤੋਂ 16 ਅਪਰੈਲ ਤੱਕ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਭੇਜੇ ਜਾਣਗੇ। ਲੁਧਿਆਣਾ ਜ਼ਿਲ੍ਹੇ ’ਚ ਸੰਯੁਕਤ ਮੋਰਚੇ ਦਾ ਹਿੱਸਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 14 ਅਪਰੈਲ ਨੂੰ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਕੱਠ ਕਰਕੇ ਮੰਗ ਪੱਤਰ ਦਿੱਤਾ ਜਾਵੇਗਾ।