ਜਗਰਾਉਂ: ਨੇੜਲੇ ਪਿੰਡ ਅਖਾੜਾ ’ਚ ਜੰਮੀਆਂ ਜਾਈਆਂ ਦਾ ਮੇਲ ਕਰਵਾਉਣ ਲਈ ਅੱਜ ਕਰਵਾਇਆ ਗਿਆ ਇਕ ਵਿਲੱਖਣ ਕਿਸਮ ਦਾ ਮੇਲਾ ਜਿੱਥੇ ਯਾਦਗਾਰੀ ਹੋ ਨਿੱਬੜਿਆ, ਉਥੇ ਹੀ ਪਲੇਠੇ ਮੇਲੇ ਦੇ ਭਾਵੁਕਤਾ ਭਰੇ ਪਲਾਂ ਦਰਮਿਆਨ ਹਰ ਵਰ੍ਹੇ ਇਹ ਮੇਲਾ ਕਰਵਾਉਣ ਦਾ ਅਹਿਦ ਲਿਆ ਗਿਆ। ਪਿੰਡ ਦੀਆਂ ਕੁੜੀਆਂ ਜੋ ਕਈ ਸਾਲ ਪਹਿਲਾਂ ਵਿਆਹ ਕੇ ਹੋਰ ਪਿੰਡਾਂ ਤੇ ਸ਼ਹਿਰਾਂ ’ਚ ਚਲੀਆਂ ਗਈਆਂ ਅੱਜ ਇਸ ਮੇਲ ਕਰਕੇ ਮੁੜ ਮਿਲ ਸਕੀਆਂ। ਇਨ੍ਹਾਂ ’ਚੋਂ ਕਈ ਤਾਂ ਪੋਤਿਆਂ ਦੋਹਤਿਆਂ ਵਾਲੀਆਂ ਹੋ ਚੁੱਕੀਆਂ ਹਨ ਪਰ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਵੀ ‘ਕੁੜੀਆਂ’ ਵਜੋਂ ਹੀ ਪਿਆਰ ਸਨਮਾਨ ਦਿੱਤਾ। ਕਈਆਂ ਦਾ ਤਾਂ ਤੀਹ ਤੋਂ ਚਾਲੀ ਸਾਲ ਬਾਅਦ ਆਪਸੀ ਮੇਲ ਹੋਇਆ। ਕਈ ਸਕੂਲ ਦੀਆਂ ਜਮਾਤਣਾਂ ਉਦੋਂ ਦੀਆਂ ਵਿੱਛੜੀਆਂ ਅੱਜ ਮਿਲੀਆਂ। ਇਕੱਠੀਆਂ ਪੜ੍ਹਦੀਆਂ ਰਹੀਆਂ ਇਨ੍ਹਾਂ ਕੁੜੀਆਂ ਨੇ ਸਟੇਜ ਤੋਂ ਸਾਲ ਤੇ ਜਮਾਤ ਦਾ ਨਾਂ ਲੈ ਕੇ ਸਖੀਆਂ ਸਹੇਲੀਆਂ ਨੂੰ ਇਕੱਠਾ ਕਰਕੇ ਯਾਦਗਾਰੀ ਤਸਵੀਰਾਂ ਖਿਚਵਾਈਆਂ ਤੇ ਸੈਲਫ਼ੀਆਂ ਲਈਆਂ। ਸਮਾਗਮ ਦੇ ਮੁੱਖ ਪ੍ਰਬੰਧਕ ਪ੍ਰੀਤਮ ਸਿੰਘ ਅਖਾੜਾ ਨੇ ਕਿਹਾ ਕਿ ਅਕਸਰ ਪਿੰਡ ’ਚੋਂ ਵਿਆਹ ਕੇ ਗਈਆਂ ਕੁੜੀਆਂ ਦਾ ਕਈ ਸਾਲ ਤੱਕ ਆਪਣੇ ਨਾਲ ਖੇਡੀਆਂ, ਪੜ੍ਹੀਆਂ ਤੇ ਵੱਡੀਆਂ ਹੋਈਆਂ ਸਹੇਲੀਆਂ ਨਾਲ ਲੰਬੇ ਸਮੇਂ ਤੱਕ ਮੇਲ-ਮਿਲਾਪ ਨਹੀਂ ਹੁੰਦਾ। ਬੱਚੇ ਤੇ ਦੋਹਤੇ ਪੋਤੇ ਹੋਣ ਕਰਕੇ ਜ਼ਿੰਦਗੀ ਦੇ ਰੁਝੇਵੇਂ ਹੀ ਅਜਿਹੇ ਹੋ ਜਾਂਦੇ ਹਨ ਕਿ ਚਾਹ ਕੇ ਵੀ ਨਿਕਲ ਨਹੀਂ ਹੁੰਦਾ। ਅੱਜ ਇਸ ਸਮਾਗਮ ਸਮੇਂ ਕਈ ਤਾਂ ਤੀਹ ਤੋਂ ਚਾਲੀ ਸਾਲ ਬਾਅਦ ਵੀ ਮਿਲੀਆਂ। ਪਿੰਡ ਅਖਾੜਾ ਦੀ ਕੈਮਾਂ ਵਾਲੀ ਢਾਬ ’ਤੇ ਹੋਏ ਸਮਾਗਮ ’ਚ ਰਵਨੀਤ ਕੌਰ ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਪਿੰਡ ਵਾਸੀਆਂ ਨੇ ਭਾਵੇਂ ਪੂਰੇ ਪ੍ਰਬੰਧ ਕੀਤੇ ਸਨ ਪਰ ਪਿੰਡ ਦੀਆਂ ਕੁੜੀਆਂ ਆਸ ਨਾਲੋਂ ਵੱਧ ਗਿਣਤੀ ’ਚ ਪਹੁੰਚ ਜਾਣ ਕਰਕੇ ਇਹ ਪ੍ਰਬੰਧ ਛੋਟੇ ਪੈ ਗਏ।