ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਮਈ
ਇਥੋਂ ਨੇੜਲੇ ਜੀਐੱਚਜੀ ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਵਿੱਚ ‘ਮੀਡੀਆ ਦੀ ਆਜ਼ਾਦੀ ਸੀਮਤ ਹੋਣੀ ਚਾਹੀਦੀ ਹੈ?’ ਵਿਸ਼ੇ ’ਤੇ ਡਬਿੇਟ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਡਾਇਰੈਕਟਰ ਡਾ. ਐੱਸਕੇ ਨਾਇਕ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ 14 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ’ਚ ਵਿਦਿਆਰਥਣਾਂ ਨੇ ਮੀਡੀਆ ਦੀ ਆਜ਼ਾਦੀ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਆਪਣੇ ਤਰਕਪੂਰਨ ਵਿਚਾਰ ਪੇਸ਼ ਕੀਤੇ। ਇਸ ’ਚ ਮੁੱਖ ਵਿਸ਼ੇ ਸਨ ਮੀਡੀਆ ਦੀਆਂ ਪੇਸ਼ੇਵਰ ਅਤੇ ਨੈਤਿਕ ਕਦਰਾਂ-ਕੀਮਤਾਂ ਅਤੇ ਜ਼ਿੰਮੇਵਾਰੀਆਂ, ਉਨ੍ਹਾਂ ਦੀਆਂ ਸਮੱਸਿਆਵਾਂ, ਸਿਆਸੀ ਦਬਾਅ ਆਦਿ ’ਤੇ ਸ਼ਾਇਨਾ ਨੇ ਬਾਜ਼ੀ ਮਾਰੀ। ਆਂਚਲ ਕਪੂਰ ਨੇ ਦੂਜਾ ਸਥਾਨ ਅਤੇ ਆਯੂਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ’ਚ ਮਿਸ ਬਲਜੀਤ ਕੌਰ, ਡਾ. ਲਵਲੀ ਸ਼ਰਮਾ ਅਤੇ ਹਰਪ੍ਰੀਤ ਕੌਰ ਨੇ ਜਿਊਰੀ ਦੀ ਭੂਮਿਕਾ ਨਿਭਾਈ। ਬੀਏ ਐੱਲਐੱਲਬੀ ਦੀਆਂ ਵਿਦਿਆਰਥਣਾਂ ਆਯੂਸ਼ਾ ਅਤੇ ਨੂਰਦੀਪ ਨੇ ਸਟੇਜ ਦਾ ਸੰਚਾਲਨ ਕੀਤਾ। ਇਸ ਮੌਕੇ ਫੈਕਲਟੀ ਮੈਂਬਰ ਅਤੇ ਕਾਲਜ ਦੇ ਹੋਰ ਵਿਦਿਆਰਥੀ ਵੀ ਹਾਜ਼ਰ ਸਨ। ਡਾਇਰੈਕਟਰ ਨਾਇਕ ਅਤੇ ਡਾ. ਸ਼ਵੇਤਾ ਢੰਡ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਪ੍ਰਤੀਯੋਗੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।