ਪੱਤਰ ਪ੍ਰੇਰਕ
ਦੋਰਾਹਾ, 29 ਅਪਰੈਲ
ਅੱਜ ਇਥੋਂ ਦੇ ਗੁਰੂ ਨਾਨਕ ਕਾਲਜ ਵਿੱਚ ਅਰਥ ਸਾਸ਼ਤਰ ਤੇ ਰਾਜਨੀਤੀ ਸ਼ਾਸ਼ਤਰ ਵਿਭਾਗ ਵੱਲੋਂ ਵਾਦ-ਵਿਵਾਦ ਮੁਕਾਬਲੇ ਕਰਵਾਏ ਗਏ। ਜਿਸ ਲਈ ਭਖ਼ਦੇ ਮੁੱਦੇ, ਸ਼ੋਸ਼ਲ ਮੀਡੀਆ ਦਾ ਸਮਾਜਿਕ ਸਬੰਧਾਂ ਦੇ ਤਾਣੇ ਬਾਣੇ ’ਤੇ ਪ੍ਰਭਾਵ ਅਤੇ ਜਾਤੀ ਤੇ ਧਰਮ ਦੀ ਭਾਰਤੀ ਰਾਜਨੀਤੀ ਵਿੱਚ ਭੂਮਿਕਾ ਆਦਿ ਵਿਸ਼ਿਆਂ ਨੂੰ ਚੁਣਿਆ ਗਿਆ। ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਦੇ ਚੰਗੇ ਤੇ ਮਾੜੇ ਦੋਵੇਂ ਪੱਖਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਕਿਹਾ ਕਿ ਇਸ ਦੀ ਲੋੜ ਤੋਂ ਜ਼ਿਆਦਾ ਵਰਤੋਂ ਜਿੱਥੇ ਸਰੀਰਕ ਤੇ ਮਾਨਸਿਕ ਸੰਤੁਲਨ ਲਈ ਹਾਨੀਕਾਰਕ ਹੈ, ਉੱਥੇ ਹੀ ਅਜੋਕੇ ਯੁੱਗ ਵਿੱਚ ਪੜ੍ਹਾਈ, ਵਪਾਰ, ਤੇ ਆਪਣਿਆਂ ਨਾਲ ਗੱਲਬਾਤ ਦਾ ਜ਼ਰੂਰੀ ਸਾਧਨ ਵੀ ਹੈ। ਇਸ ਦੇ ਨਾਲ ਹੀ ਭਾਰਤੀ ਰਾਜਨੀਤੀ ਤੇ ਧਰਮ ਅਤੇ ਜਾਤੀ ਦੇ ਲਗਾਤਾਰ ਵੱਧ ਰਹੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ 12 ਵਿਦਿਆਰਥੀਆਂ ਵਿੱਚੋਂ ਕਿਰਨਦੀਪ ਕੌਰ ਨੇ ਪਹਿਲਾ, ਨਵਨੂਰ ਕੌਰ ਤੇ ਹਰਮਨਪ੍ਰੀਤ ਕੌਰ ਨੇ ਦੂਜਾ ਅਤੇ ਯੁੱਧਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ.ਨਿਰਲੇਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਸਨਮਾਨਿਤ ਕਰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।