ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 26 ਜੂਨ
ਸਥਾਨਕ ਥਾਣਾ ਸਿਟੀ ਅੱਗੇ 96ਵੇਂ ਦਿਨ ਤੋਂ ਚੱਲ ਰਹੇ ਧਰਨੇ ’ਚ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ’ਤੇ ਵਰ੍ਹੇ। ਧਰਨਾਕਾਰੀਆਂ ਨੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਈ ਮਾਮਲਿਆਂ ’ਚ ਨਿਆਂ ਦੇਣ ’ਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨਾਕਾਮ ਸਾਬਤ ਹੋਈ ਹੈ। ਇਨ੍ਹਾਂ ’ਚੋਂ ਹੀ ਇਕ ਮਾਮਲਾ ਹੈ ਕੁਲਵੰਤ ਕੌਰ ਰਸੂਲਪੁਰ ਦਾ ਜਿਸ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਮੌਤ ਹੋ ਗਈ ਸੀ ਅਤੇ ਡੀਐੱਸਪੀ ਸਮੇਤ ਚਾਰ ਜਣਿਆ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੇ ਬਾਵਜੂਦ ਛੇ ਮਹੀਨੇ ਤੋਂ ਗ੍ਰਿਫ਼ਤਾਰੀ ਨਹੀਂ ਹੋ ਰਹੀ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਬੀਕੇਯੂ ਏਕਤਾ (ਡਕੌਂਦਾ) ਦੇ ਕੁੰਡਾ ਸਿੰਘ ਕਾਉਂਕੇ, ਜੱਗਾ ਸਿੰਘ ਢਿੱਲੋਂ ਅਤੇ ਰਾਮਤੀਰਥ ਸਿੰਘ ਲੀਲਾਂ ਕਿਹਾ ਕਿ ਪੰਜਾਬ ਪੁਲੀਸ ਅਧਿਕਾਰੀ ਲੋਕਾਂ ਦੇ ਭਖਦੇ ਮਾਮਲੇ ਹੱਲ ਕਰਨ ਲਈ ਸੰਜੀਦਾ ਨਹੀਂ ਹਨ। ਇਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭੁਗਤਣਾ ਪਵੇਗਾ ਜਿਸ ਦੀ ਉਦਾਹਰਨ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਹੋਈ ਹਾਰ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਧਰਨੇ ’ਚ ਪਹੁੰਚੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਭਰੋਸੇ ਤੋਂ ਬਾਅਦ ਪੀੜਤ ਮਾਤਾ ਸੁਰਿੰਦਰ ਕੌਰ ਵਲੋਂ ਰੱਖੀ ਭੁੱਖ ਹੜਤਾਲ ਖ਼ਤਮ ਕਰਨ ਉਪਰੰਤ ਪਰਿਵਾਰ ਨੂੰ ਨਿਆਂ ਦੀ ਆਸ ਬੱਝੀ ਸੀ ਅਤੇ ਮੌਕੇ ’ਤੇ ਹੀ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭਦਿਆਲ ਨੇ ਨਿਰਧਾਰਿਤ ਸਮੇਂ ਅੰਦਰ ਨਿਆਂ ਦਿਵਾਉਣ ਦਾ ਭਰੋਸਾ ਵੀ ਦਿੱਤਾ ਸੀ। ਕਾਬਲੇਗੌਰ ਹੈ ਕਿ ਕਮਿਸ਼ਨ ਦੇ ਦਖ਼ਲ ਮਗਰੋਂ ਮੁਕੱਦਮੇ ਦੀ ਤਫਤੀਸ਼ ਲਈ ਏਆਈਜੀ ਕ੍ਰਾਈਮ ਦੀ ਅਗਵਾਈ ’ਚ ਤਿੰਨ ਮੈਂਬਰੀ ‘ਸਿਟ’ ਬਣਾਈ ਗਈ ਹੈ। ਇਸ ਮੌਕੇ ਸੋਨੀ ਸਿੱਧਵਾਂ, ਬਲਦੇਵ ਸਿੰਘ, ਹਰੀ ਸਿੰਘ, ਨਿਰਮਲ ਸਿੰਘ ਧਾਲੀਵਾਲ, ਬੂਟਾ ਸਿੰਘ ਹਾਂਸ ਨੇ ਕਿਹਾ ਕਿ ਮੌਜੂਦਾ ਪੁਲੀਸ ਢਾਂਚਾ ਗਰਕ ਚੁੱਕਾ ਹੈ ਕਿ ਲੰਬੀਆਂ ਲੜਾਈਆਂ ਲੜਨ ਤੋਂ ਬਾਅਦ ਵੀ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ। ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ‘ਸਿੱਟ’ ਵੱਲੋਂ ਮਾਮਲੇ ਦੀ ਤਫਤੀਸ਼ ਅਜੇ ਸ਼ੁਰੂ ਨਹੀਂ ਕੀਤੀ ਗਈ, ਫਿਰ ਵੀ ਉਨ੍ਹਾਂ ਨੂੰ ਨਿਆਂ ਦੀ ਆਸ ਹੈ।