ਜੋਗਿੰਦਰ ਸਿੰਘ ਓਬਰਾਏ
ਖੰਨਾ, 23 ਅਪਰੈਲ
ਸ਼੍ਰੋਮਣੀ ਲੇਖ਼ਕ ਮਹਿੰਦਰ ਮਾਨੂੰਪੁਰੀ ਸਦੀਵੀ ਵਿਛੋੜਾ ਦੇ ਗਏ ਹਨ। ਉਹ 84 ਵਰ੍ਹਿਆਂ ਦੇ ਸਨ ਅਤੇ ਅਧਿਆਪਕ ਦੇ ਤੌਰ ’ਤੇ ਉਨ੍ਹਾਂ 40 ਵਰ੍ਹੇ ਸੇਵਾ ਨਿਭਾਈ। ਜ਼ਿਕਰਯੋਗ ਹੈ ਕਿ ਉਨ੍ਹਾਂ ਅਧਿਆਪਕ ਕਾਰਜ ਦੌਰਾਨ ਪਾਠਕ, ਲੇਖ਼ਕ ਤੇ ਅਗਾਂਹਵਧੂ ਖਿਆਲਾਂ ਦੇ ਪਾਠਕ ਪੈਦਾ ਕੀਤੇ। ਸੇਵਾ ਮੁਕਤੀ ਪਿਛੋਂ ਆਪਣੇ ਯਤਨਾਂ ਸਦਕਾ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਸਹਾਇਤਾ ਨਾਲ ਪਿੰਡ ਵਿਚ ਲਾਇਬ੍ਰੇਰੀ ਚਲਾਉਂਦੇ ਸਨ। ਉਨ੍ਹਾਂ ਬੋਲ ਪਿਆਰੇ ਬਾਲਾਂ ਦੇ, ਬਾਲ ਬਗੀਚਾ, ਬਾਲ ਉਡਾਰੀਆਂ, ਮਾਮੇ ਦੀ ਚਿੜੀ, ਹੰਕਾਰੀ ਕੁੱਕੜ, ਫੁੱਲ ਰੰਗ ਬਿਰੰਗੇ, ਸੱਚ ਖੜ੍ਹਾ ਨੀਹਾਂ ਵਿਚ ਉੱਚਾ, ਮਿੱਤਰਤਾ ਬਚਪਨ ਦੀ, ਚੰਨ ਨੂੰ ਚਿੱਠੀ, ਰੁੱਖ ਤੇ ਮਨੁੱਖ ਆਦਿ ਬਾਲ ਕਾਵਿ ਸੰਗ੍ਰਹਿ ਸਾਹਿਤ ਜਗਤ ਦੀ ਝੋਲੀ ਪਾਏ। ਉਨ੍ਹਾਂ ਦਾ ਨਾਵਲ ਲੋਹੇ ਦੀ ਔਰਤ ਖੂਬ ਸਰਾਹਿਆ ਗਿਆ।