ਜੋਗਿੰਦਰ ਸਿੰਘ ਓਬਰਾਏ
ਖੰਨਾ, 5 ਜੁਲਾਈ
ਇੱਥੇ ਦੇਰ ਰਾਤ ਐਂਬੂਲੈਂਸ ਦੇ ਕਥਿਤ ਤੌਰ ’ਤੇ ਦੇਰੀ ਨਾਲ ਆਉਣ ਕਾਰਨ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਦੋਂ ਤੱਕ ਜ਼ੱਚਾ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਨੇ ਐਂਬੂਲੈਂਸ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ, ਜਿਸ ਦੀ ਐਮਰਜੈਂਸੀ ’ਚ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ। ਦੂਜੇ ਪਾਸੇ ਡਾਕਟਰਾਂ ਦੀ ਟੀਮ ਨੇ ਮਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾ ਲਿਆ, ਜਿੱਥੇ ਹੁਣ ਮਾਂ ਦੀ ਹਾਲਤ ’ਚ ਸੁਧਾਰ ਹੈ। ਪੀੜਤਾ ਪ੍ਰਵੀਨ ਕੁਮਾਰੀ (26) ਪਤਨੀ ਗੁਰਜੀਤ ਸਿੰਘ ਵਾਸੀ ਪਿੰਡ ਫਰਜ਼ੂਲਾਪੁਰ ਨੇ ਦੱਸਿਆ ਕਿ ਉਹ 8 ਮਹੀਨਿਆਂ ਤੋਂ ਗਰਭਵਤੀ ਸੀ। ਬੀਤੀ ਦੇਰ ਰਾਤ ਕਰੀਬ 11 ਵਜੇ ਉਸ ਨੂੰ ਤੇਜ਼ ਦਰਦ ਹੋਣ ਲੱਗਾ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ 11 ਵਜੇ ਡਾਕਟਰੀ ਸਹਾਇਤਾ ਲਈ 108 ਐਂਬੂਲੈਂਸ ਨੂੰ ਫੋਨ ਕੀਤਾ, ਪਰ ਐਂਬੂਲੈਂਸ 12.15 ਤੱਕ ਵਾਰ-ਵਾਰ ਫੋਨ ਕਰਨ ’ਤੇ ਪੁੱਜੀ। ਜਦੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਬੱਚੇ ਨੇ ਐਂਬੂਲੈਂਸ ਵਿੱਚ ਜਨਮ ਲੈ ਲਿਆ, ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਜੇ ਐਂਬੂਲੈਂਸ ਸਮੇਂ ਸਿਰ ਆ ਜਾਂਦੀ ਤਾਂ ਬੱਚਾ ਬਚ ਜਾਂਦਾ। ਉਨ੍ਹਾਂ ਪੁਲੀਸ ਅਧਿਕਾਰੀਆਂ ਤੋਂ ਐਂਬੂਲੈਂਸ ਅਪਰੇਟਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਐਂਬੂਲੈਂਸ ਡਰਾਈਵਰ ਹਰਦੀਪ ਸਿੰਘ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ 11 ਵਜੇ ਨਹੀਂ 11.46 ’ਤੇ ਫੋਨ ਆਇਆ ਸੀ, ਜਿਸ ਉਪਰੰਤ ਉਹ 12 ਵਜੇ ਪੁੱਜ ਗਏ ਸਨ। ਜਦੋਂ ਉਹ ਘਰ ਪੁੱਜੇ ਤਾਂ ਬੱਚਾ ਅੱਧਾ ਪੇਟ ਤੋਂ ਬਾਹਰ ਆ ਚੁੱਕਾ ਸੀ। ਹਸਪਤਾਲ ਦਾਖ਼ਲ ਹੁੰਦੇ ਹੀ ਬੱਚੇ ਨੇ ਜਨਮ ਲਿਆ, ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।