ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਸਤੰਬਰ
ਬਸੰਤ ਐਵੀਨਿਊ ਇਲਾਕੇ ’ਚ ਗੁਆਂਢੀਆਂ ਵੱਲੋਂ ਮੌਤ ਦੇ ਘਾਟ ਉਤਾਰੇ ਗਏ ਨੂਰਜਹਾਂ ਤੇ ਉਸ ਦੇ ਜਵਾਈ ਰਵੀ ਦੇ ਕਤਲ ਦੇ ਮਾਮਲੇ ’ਚ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ’ਚ ਕਾਫ਼ੀ ਹੰਗਾਮਾ ਕੀਤਾ। ਮੁਜ਼ਾਹਰਾਕਾਰੀਆਂ ਨੇ ਸਿਵਲ ਹਸਪਤਾਲ ਦੇ ਡਾਕਟਰਾਂ ’ਤੇ ਕਈ ਗੰਭੀਰ ਦੋਸ਼ ਲਾਏ ਗਏ। ਉਨ੍ਹਾਂ ਕਿਹਾ ਕਿ ਗੁਆਂਢੀਆਂ ਵੱਲੋਂ ਕੁੱਟਮਾਰ ਤੋਂ ਬਾਅਦ ਉਹ ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਏ ਸਨ, ਪਰ ਡਾਕਟਰਾਂ ਨੇ ਸਿਰਫ਼ ਦਵਾਈ ਦੇ ਕੇ ਭੇਜ ਦਿੱਤਾ ਤੇ ਸਿਵਲ ਹਸਪਤਾਲ ’ਚ ਭਰਤੀ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਦੋਵਾਂ ਦੀ ਹਾਲਤ ਵਿਗੜ ਗਈ ਤੇ ਦੋਵਾਂ ਦੀ ਮੌਤ ਹੋ ਗਈ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲੀਸ ਅਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਪ੍ਰਦਰਸ਼ਕਾਰੀਆਂ ਨੂੰ ਕਿਸੇ ਤਰ੍ਹਾਂ ਸ਼ਾਂਤ ਕੀਤਾ ਤੇ ਸਮਝਾਇਆ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖ ਕੇ ਮੁਜ਼ਾਹਰਾਕਾਰੀਆਂ ਨੂੰ ਉੱਥੋਂ ਤੋਰਿਆ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਿਸਾਂ ਹਵਾਲੇ ਕੀਤੀਆਂ।
ਦੱਸ ਦੇਈਏ ਕਿ 17 ਸਤੰਬਰ ਦੀ ਰਾਤ ਨੂੰ ਮੁਲਜ਼ਮਾਂ ਨੇ ਸ਼ਰਾਬ ਪੀਣ ਦੌਰਾਨ ਰਵੀ ਦੇ ਨਾਲ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਤੋਂ ਬਾਅਦ ਕਾਫ਼ੀ ਕੁੱਟਮਾਰ ਕੀਤੀ ਸੀ ਅਤੇ ਜਦੋਂ ਨੂਰਜਹਾਂ ਵਿੱਚ ਬਚਾਅ ਲਈ ਗਈ ਤਾਂ ਮੁਲਜ਼ਮਾਂ ਨੇ ਉਸ ਨਾਲ ਵੀ ਡੰਡੇ ਤੇ ਰਾਡਾਂ ਨਾਲ ਕੱੁਟਮਾਰ ਕੀਤੀ। ਦੋਵਾਂ ਦੀ ਦੋ ਦਿਨ ਬਾਅਦ ਹਸਪਤਾਲ ’ਚ ਮੌਤ ਹੋ ਗਈ।
ਐੱਸਐੱਮਓ ਨੂੰ ਜਾਂਚ ਦੇ ਹੁਕਮ ਦਿੱਤੇ: ਸਿਵਲ ਸਰਜਨ
ਸਿਵਲ ਸਰਜਨ ਡਾ. ਹਤਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹਸਪਤਾਲ ਦੇ ਐੱਸਐੱਮਓ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਹਸਪਤਾਲ ਦਾ ਰਿਕਾਰਡ ਚੈੱਕ ਕਰਵਾਇਆ ਜਾ ਰਿਹਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਭਰਤੀ ਕਿਉਂ ਨਹੀਂ ਕੀਤਾ ਸੀ।
ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ: ਏਐੱਸਆਈ
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਭਾਸ਼ ਚੰਦ ਨੇ ਦੱਸਿਆ ਕਿ ਇਸ ਮਾਮਲੇ ’ਚ ਨਾਮਜ਼ਦ ਕੀਤੇ ਗਏ ਮੁਲਜ਼ਮ ਗੋਪੀ ਚੰਦ, ਅਹਿਮਦ ਅੰਸਾਰੀ ਅਤੇ ਕਿਰਨ ਦੇਵੀ ਫ਼ਰਾਰ ਹੋ ਗਏ ਸਨ। ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤਿੰਨਾਂ ਨੂੰ ਵੀਰਵਾਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਜਿੱਥੋਂ ਪੁਲੀਸ ਰਿਮਾਂਡ ਹਾਸਲ ਕਰ ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ਲਈ ਵਰਤੇ ਗਏ ਹਥਿਆਰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।