ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਫਰਵਰੀ
ਨਸ਼ਾ ਨੌਜਵਾਨਾਂ ‘ਚ ਇਸ ਕਦਰ ਹਾਵੀ ਹੋ ਚੁੱਕਿਆ ਹੈ, ਕਿ ਨੌਜਵਾਨ ਨਸ਼ੇ ਦੀ ਦਲਦਲ ‘ਚੋਂ ਬਾਹਰ ਨਹੀਂ ਨਿਕਲ ਪਾ ਰਹੇ। ਵੱਧ ਰਹੇ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਘਰ ਤੋਂ ਕਟਿੰਗ ਕਰਵਾਉਣ ਲਈ ਨਿਕਲੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਸ ਦੀ ਲਾਸ਼ ਪੈਟਰੋਲ ਪੰਪ ਦੇ ਬਾਥਰੂਮ ‘ਚੋਂ ਮਿਲੀ ਹੈ। ਮ੍ਰਿਤਕ ਭਾਈ ਹਿੰਮਤ ਸਿੰਘ ਨਗਰ ਦਾ ਰਹਿਣ ਵਾਲਾ ਜਸਮੀਤ ਸਿੰਘ (25) ਹੈ। ਲਾਸ਼ ਦੇਖ ਕੇ ਪੈਟਰੋਲ ਪੰਪ ਮੁਲਾਜ਼ਮ ਨੇ ਪੁਲੀਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਥਾਣਾ ਸਦਰ ਅਧੀਨ ਆਉਂਦੀ ਚੌਕੀ ਮਰਾਡੋ ਦੀ ਪੁਲੀਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਜਾਂਚ ਤੋਂ ਬਾਅਦ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ। ਇਸ ਮਾਮਲੇ ‘ਚ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਅਣਪਛਾਤੇ ਲੋਕਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।