ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਅਕਤੂਬਰ
ਇਥੋਂ ਦੇ ਰੇਲਵੇ ਰੋਡ ਚੌਕ ਵਿਚ ਸੜਕ ਹਾਦਸੇ ਵਿਚ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਔਰਤ ਆਪਣੇ ਪੁੱਤਰ ਨਾਲ ਦੀਵਾਲੀ ਦਾ ਸਾਮਾਨ ਲੈ ਕੇ ਘਰ ਪਰਤ ਰਹੀ ਸੀ। ਹਾਦਸੇ ਵਿਚ ਔਰਤ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਉਸ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਟੱਕਰ ਮਾਰਨ ਉਪਰੰਤ ਚਾਲਕ ਫਰਾਰ ਹੋ ਗਿਆ। ਇਹ ਪਤਾ ਲੱਗਾ ਕਿ ਰਜਨੀਸ਼ ਕੁਮਾਰੀ (48) ਵਾਸੀ ਪੰਜਾਬ ਫਰਨੀਚਰ ਵਾਲੀ ਗਲੀ ਆਪਣੇ ਲੜਕੇ ਪ੍ਰਣਵ ਵਰਮਾ (20) ਨਾਲ ਦੀਵਾਲੀ ਦਾ ਸਾਮਾਨ ਲੈਣ ਲਈ ਐਕਵਿਟਾ ’ਤੇ ਬਾਜ਼ਾਰ ਤੋਂ ਵਾਪਸ ਘਰ ਆ ਰਹੀ ਸੀ ਤਾਂ ਰੇਲਵੇ ਚੌਕ ਸਾਹਮਣੇ ਪੁਲੀਸ ਜੀਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਦੋਵੇਂ ਮਾਂ-ਪੁੱਤ ਡਿੱਗ ਪਏ। ਪ੍ਰਣਵ ਨੇ ਦੱਸਿਆ ਕਿ ਪੁਲੀਸ ਜੀਪ ਨੇ ਗੱਡੀ ਰੋਕਣ ਦੀ ਥਾਂ ਉਸ ਦੀ ਮਾਂ ਉਪਰੋਂ ਹੀ ਲੰਘਾ ਦਿੱਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਜ਼ਖਮੀ ਲੜਕੇ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਨ੍ਹਾਂ ਘਟਨਾ ਵਿਚ ਸ਼ਾਮਲ ਪੁਲੀਸ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਘਟਨਾ ਉਪਰੰਤ ਡੀਐਸਪੀ ਵਿਲੀਅਮ ਜੇਜ਼ੀ, ਐਸਐਚਓ ਅਮਨਦੀਪ ਸਿੰਘ, ਐਸਐਚਓ ਰਣਬੀਰ ਕੁਮਾਰ ਨੇ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿਵਾਇਆ। ਕੌਂਸਲਰ ਰਣਵੀਰ ਸਿੰਘ ਨੇ ਦੱਸਿਆ ਕਿ ਪ੍ਰਸਾਸ਼ਨ ਦੀ ਅਣਗਹਿਲੀ ਕਾਰਨ ਔਰਤ ਦੀ ਜਾਨ ਚਲੀ ਗਈ। ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਨੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।