ਗਗਨਦੀਪ ਅਰੋੜਾ
ਲੁਧਿਆਣਾ, 8 ਅਕਤੂਬਰ
ਇੱਥੇ ਖੁੱਡ ਮੁਹੱਲਾ ਇਲਾਕੇ ’ਚ ਸ਼ੁੱਕਰਵਾਰ ਦੀ ਰਾਤ ਨੂੰ ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸਬਾਜ਼ੀ ਤੋਂ ਬਾਅਦ ਕਾਰ ਸਵਾਰ ਚਾਰ ਨੌਜਵਾਨਾਂ ਨੇ ਐਕਟਿਵਾ ਸਵਾਰ ਬਜ਼ੁਰਗ ਨੂੰ ਕੁੱਟਿਆ। ਮਗਰੋਂ ਬਜ਼ੁਰਗ ਦੀ ਹਸਪਤਾਲ ਵਿੱਚ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਉਥੋਂ ਫ਼ਰਾਰ ਹੋ ਗਏ। ਬਜ਼ੁਰਗ ਦੀ ਪਛਾਣ ਸੁਰਿੰਦਰ ਅਰੋੜਾ (60) ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਅਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਸੁਰਿੰਦਰ ਅਰੋੜਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕਰ ਦਿੱਤੀ ਜਾਵੇਗੀ।
ਮ੍ਰਿਤਕ ਸੁਰਿੰਦਰ ਅਰੋੜਾ ਦੇ ਪੁੱਤਰ ਸੰਨੀ ਅਰੋੜਾ ਅਨੁਸਾਰ ਉਸ ਦੇ ਪਿਤਾ ਸੁਭਾਨੀ ਬਿਲਡਿੰਗ ਕੋਲ ਸ਼ੁੱਕਰਵਾਰ ਰਾਤ ਆਪਣੇ ਦੋਸਤ ਰਾਜੂ ਦੇ ਘਰ ਤੋਂ ਆਪਣੇ ਪੋਤੇ ਨੂੰ ਨਾਲ ਲੈ ਕੇ ਐਕਟਿਵਾ ’ਤੇ ਘਰ ਲਈ ਨਿਕਲੇ ਸਨ। ਇਸੇ ਦੌਰਾਨ ਜਦੋਂ ਉਹ ਖੁੱਡ ਮੁਹੱਲਾ ਕੋਲ ਆਪਣੇ ਪੋਤੇ ਨੂੰ ਸਾਮਾਨ ਦਿਵਾਉਣ ਲਈ ਖੜ੍ਹੇ ਸਨ ਤਾਂ ਕਾਰ ਉਨ੍ਹਾਂ ਦੇ ਪੋਤੇ ਦੇ ਪੈਰ ਨੂੰ ਛੂਹ ਕੇ ਨਿਕਲ ਗਈ। ਪੋਤੇ ਨੇ ਦਾਦਾ ਨੂੰ ਦੱਸਿਆ ਕਿ ਉਸ ਦਾ ਪੈਰ ਕਾਰ ਦੇ ਟਾਇਰ ਥੱਲੇ ਆਉਣ ਲੱਗਿਆ ਸੀ ਤਾਂ ਦਾਦਾ ਸੁਰਿੰਦਰ ਅਰੋੜਾ ਨੇ ਪੋਤੇ ਦੀ ਗੱਲ ਸੁਣਨ ਤੋਂ ਬਾਅਦ ਕਾਰ ਸਵਾਰਾਂ ਨੂੰ ਹੌਲੀ ਚਲਾਉਣ ਲਈ ਆਖਿਆ। ਇਸ ’ਤੇ ਮੁਲਜ਼ਮਾਂ ਨੇ ਸੁਰਿੰਦਰ ਅਰੋੜਾ ਦੇ ਥੱਪੜ ਮਾਰੇ। ਪੋਤੇ ਦੇ ਨਾਲ ਹੋਣ ਕਾਰਨ ਸੁਰਿੰਦਰ ਅਰੋੜਾ ਕੁਝ ਨਹੀਂ ਬੋਲੇ ਅਤੇ ਉਨ੍ਹਾਂ ਨੇ ਐਕਟਿਵਾ ਆਪਣੇ ਖੁੱਡ ਮੁਹੱਲਾ ਸਥਿਤ ਘਰ ’ਚ ਹੀ ਰੋਕੀ। ਉੱਥੇ ਉਨ੍ਹਾਂ ਨੇ ਪੋੋਤੇ ਨੂੰ ਥੱਲੇ ਉਤਾਰਿਆ ਤੇ ਦੁਬਾਰਾ ਕਾਰ ਸਵਾਰ ਨੌਜਵਾਨਾਂ ਕੋਲ ਚਲੇ ਗਏ ਤਾਂ ਕਿ ਗੱਲ ਸਾਫ਼ ਕੀਤੀ ਜਾ ਸਕੇ। ਇਸੇ ਦੌਰਾਨ ਹਮਲਾਵਾਰਾਂ ਨੇ ਬਜ਼ੁਰਗ ਸੁਰਿੰਦਰ ਅਰੋੜਾ ਨੂੰ ਕੁੱਟਮਾਰ ਕਰ ਜ਼ਖਮੀ ਕੀਤਾ ਤੇ ਫ਼ਰਾਰ ਹੋ ਗਏ। ਸੁਰਿੰਦਰ ਅਰੋੜਾ ਕਿਸੇ ਤਰ੍ਹਾਂ ਆਪਣੇ ਸੈਕਟਰ 32 ਸਥਿਤ ਘਰ ਪੁੱਜੇ ਤਾਂ ਪਰਿਵਾਰ ਵਾਲੇ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਤੁਰੰਤ ਸੁਰਿੰਦਰ ਅਰੋੜਾ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਕਾਰ ਸਵਾਰ ਦੀ ਪਛਾਣ ਕਰਕੇ ਜਦੋਂ ਸੁਰਿੰਦਰ ਦੇ ਪਰਿਵਾਰ ਵਾਲੇ ਉੱਥੇ ਗਏ ਤਾਂ ਕਾਰ ਸਵਾਰ ਨੌਜਵਾਨ ਫ਼ਰਾਰ ਸਨ। ਉਨ੍ਹਾਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਥਾਣਾ ਡਿਵੀਜ਼ਨ ਨੰ. 3 ਦੇ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰ ਵਾਲਿਆਂ ਦੇ ਬਿਆਨਾਂ ਤੋਂ ਬਾਅਦ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਜਾਵੇਗਾ।
ਗਾਣਿਆਂ ਦੀ ਆਵਾਜ਼ ਘਟਾਉਣ ਲਈ ਕਹਿਣ ’ਤੇ ਕੀਤਾ ਕੁਟਾਪਾ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਫੋਕਲ ਪੁਆਇੰਟ ਪੁਲੀਸ ਨੇ 18 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਰੂਬਾਗ ਕਲੋਨੀ ਜੀਵਨ ਨਗਰ ਵਾਸੀ ਸੁਨੀਤਾ ਦੇਵੀ ਪਤਨੀ ਸੋਹਣ ਲਾਲ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਮਾਤਾ ਦੀ ਪੂਜਾ ਦਾ ਪ੍ਰੋਗਰਾਮ ਸੀ। ਘਰ ਦੇ ਕੋਲ ਹੀ ਕੁੱਝ ਲੋਕਾਂ ਨੇ ਸ਼ਰਾਬ ਪੀ ਕੇ ਉੱਚੀ ਅਵਾਜ਼ ਵਿੱਚ ਫਿਲਮੀ ਗਾਣੇ ਲਗਾਏ ਹੋਏ ਸਨ। ਜਦੋਂ ਉਨ੍ਹਾਂ ਨੂੰ ਆਵਾਜ਼ ਘੱਟ ਕਰਨ ਲਈ ਕਹਿਣ ਲਈ ਕਿਹਾ ਤਾਂ ਉਹ ਡੰਡੇ- ਸੋਟੇ ਲੈ ਕੇ ਉਸ ਦੇ ਘਰ ਆ ਗਏ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਉਸ ਦੇ ਕੱਪੜੇ ਪਾੜ ਦਿੱਤੇ ਤੇ ਘਰ ਅੰਦਰ ਕਾਫ਼ੀ ਤੋੜ ਫੋੜ ਕੀਤੀ। ਰੌਲਾ ਸੁਣ ਕੇ ਮੁਹੱਲੇ ਵਿੱਚੋਂ ਬਚਾਉਣ ਆਏ ਸੰਜੇ ਕੁਮਾਰ, ਆਦਰਸ਼ ਕੁਮਾਰ ਤੇ ਹੋਰ ਮੁਹੱਲਾ ਨਿਵਾਸੀਆਂ ਦੀ ਵੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਮੌਕੇ ਤੋਂ ਫਰਾਰ ਹੋ ਗਏ। ਥਾਣੇਦਾਰ ਦਲਬੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਅਜੇ ਤਿਵਾੜੀ ਵਾਸੀ ਬਚਿੱਤਰ ਨਗਰ, ਮੁਕੇਸ਼ ਕੁਮਾਰ ਵਾਸੀ ਸ਼ਕਤੀ ਨਗਰ, ਧਰਮਿੰਦਰ, ਜਤਿੰਦਰ, ਉਪਿੰਦਰ ਗੁਪਤਾ ਵਾਸੀ ਗੁਰੂਬਾਗ ਕਲੋਨੀ, ਰਾਜਨ ਮਿਸ਼ਰਾ, ਸ਼ਿਵ ਰਾਜਪੂਤ ਵਾਸੀ 33 ਫੁੱਟਾ ਰੋਡ ਰਾਮ ਨਗਰ ਮੁੰਡੀਆਂ , ਸਨੋਜ ਕੁਮਾਰ, ਸੂਰਜ ਕੁਮਾਰ, ਹਿਮਾਂਸ਼ੂ ਵਾਸੀ ਜੀਵਨ ਨਗਰ ਅਤੇ 7-8 ਨਾਮਲੂਮ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਨਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।