ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਜੁਲਾਈ
ਸ਼ਹਿਰ ਵਿੱਚ ਆਜ਼ਾਦੀ ਦਿਹਾੜਾ ਦਾ ਰਾਜ ਪੱਧਰੀ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਥਾਨਕ ਗੁਰੂ ਨਾਨਕ ਸਟੇਡੀਅਮ ਤਿਰੰਗਾ ਝੰਡਾ ਲਹਿਰਾਉਣਗੇ। ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਬੱਚਤ ਭਵਨ ਵਿੱਚ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਤਿਰੰਗਾ ਲਹਿਰਾਉਣ, ਸੁਰੱਖਿਆ, ਆਵਾਜਾਈ, ਪਾਰਕਿੰਗ ਪ੍ਰਬੰਧਾਂ, ਸੱਭਿਆਚਾਰਕ ਪ੍ਰੋਗਰਾਮਾਂ, ਨਿਰਵਿਘਨ ਬਿਜਲੀ ਸਪਲਾਈ, ਸਹੀ ਸਫ਼ਾਈ ਵਿਵਸਥਾ, ਮੈਡੀਕਲ ਸਹੂਲਤਾਂ ਆਦਿ ਬਾਰੇ ਚਰਚਾ ਕੀਤੀ। ਉਨ੍ਹਾਂ ਤਿਆਰੀਆਂ ਦੀ ਨਿਗਰਾਨੀ ਲਈ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਤੈਅ ਕੀਤੀਆਂ। ਡੀਸੀ ਮਲਿਕ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਐੱਲਏਸੀ ਨੀਰੂ ਕਤਿਆਲ ਗੁਪਤਾ ਦੀ ਅਗਵਾਈ ਵਾਲੀ ਕਮੇਟੀ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਬਾਰੇ ਫੈਸਲਾ ਕਰਨਗੇ। ਉਨ੍ਹਾਂ ਨਗਰ ਨਿਗਮ ਨੂੰ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਸਫ਼ਾਈ ਯਕੀਨੀ ਬਣਾਉਣ, ਸਟੇਡੀਅਮ ਨੂੰ ਜਾਣ ਵਾਲੀਆਂ ਸੜਕਾਂ ’ਤੇ ਪਾਣੀ ਦਾ ਛਿੜਕਾਅ ਕਰਨ ਅਤੇ ਸਮਾਗਮ ਦੌਰਾਨ ਹਿੱਸਾ ਲੈਣ ਵਾਲਿਆਂ ਲਈ ਮੋਬਾਈਲ ਟਾਇਲਟ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤ ਕੀਤੀ। ਉਨ੍ਹਾਂ ਕਮਿਸ਼ਨਰੇਟ ਪੁਲੀਸ ਨੂੰ ਸਮਾਗਮ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਕਿਹਾ।
13 ਤੋਂ 15 ਅਗਸਤ ਤੱਕ ਵੰਡੇ ਜਾਣਗੇ ਤਿੰਨ ਲੱਖ ਝੰਡੇ
ਲੁਧਿਆਣਾ: ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ 13 ਤੋਂ 15 ਅਗਸਤ ਤੱਕ 75ਵੇਂ ਸੁਤੰਤਰਤਾ ਦਿਵਸ ਮੌਕੇ ‘ਹਰ ਘਰ ਤਿਰੰਗਾ’ ਪਹਿਲਕਦਮੀ ਤਹਿਤ ਘਰਾਂ, ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਅਤੇ ਇਮਾਰਤਾਂ ’ਤੇ ਤਿੰਨ ਲੱਖ ਰਾਸ਼ਟਰੀ ਝੰਡੇ ਲਹਿਰਾਏ ਜਾਣਗੇ। ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਨੂੰ ਵੱਡੇ ਪੱਧਰ ’ਤੇ ਮਨਾਉਣ ਦੀ ਯੋਜਨਾ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਤਿੰਨ ਲੱਖ ਰਾਸ਼ਟਰੀ ਝੰਡੇ ਲੋਕਾਂ ਨੂੰ ਵੰਡੇ ਜਾਣਗੇ। ਉਨ੍ਹਾਂ ਸਾਰੇ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਨੂੰ ਕਿਹਾ ਕਿ ਤਿਰੰਗੇ ਦੀ ਸੁਚਾਰੂ ਵੰਡ ਪ੍ਰਕਿਰਿਆ ਤਹਿਤ ਉਹ ਸ਼ੁੱਕਰਵਾਰ ਤੱਕ ਰਾਸ਼ਟਰੀ ਝੰਡੇ ਲਈ ਵਿਭਾਗ-ਵਾਰ ਡਿਮਾਂਡ ਸੂਚੀ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਿੱਚ ਜਮ੍ਹਾਂ ਕਰਵਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਤਿਰੰਗੇ ਦੀ ਵੰਡ ਕੇਂਦਰ ਵੀ ਬਣਾਏ ਜਾਣਗੇ, ਜਿੱਥੇ ਇਨ੍ਹਾਂ ਵੰਡ ਕੇਂਦਰਾਂ ਵਿੱਚ ਲੋਕਾਂ ਨੂੰ ਵੱਡੇ ਆਕਾਰ ਦਾ ਝੰਡਾ 25 ਰੁਪਏ ਵਿੱਚ, ਦਰਮਿਆਨੇ ਆਕਾਰ ਦਾ ਝੰਡਾ 18 ਰੁਪਏ ਵਿੱਚ ਅਤੇ ਛੋਟੇ ਆਕਾਰ ਦਾ ਝੰਡਾ 9 ਰੁਪਏ ਵਿੱਚ ਮੁਹੱਈਆ ਕਰਵਾਇਆ ਜਾਵੇਗਾ। -ਟਨਸ