ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੂਨ
ਸੂਬਾ ਸਰਕਾਰ ਦੀਆਂ ਲੋਕ-ਪੱਖੀ ਯੋਜਨਾਵਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਨੂੰ ਹਫਤਾਵਾਰੀ ਟੀਚੇ ਨਿਰਧਾਰਤ ਕੀਤੇ ਗਏ, ਜਿਸ ਦਾ ਉਹ ਖੁਦ ਨਿਰੀਖਣ ਕਰਨਗੇ।
ਸਥਾਨਕ ਬਚਤ ਭਵਨ ਵਿੱਚ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਨੂੰ ਜਲਦ ਮੁਕੰਮਲ ਕਰਨ ਅਤੇ ਵਿਕਾਸ ਕਾਰਜਾਂ ਲਈ ਪ੍ਰਾਪਤ ਹੋਏ ਫੰਡਾਂ ਲਈ ਵਰਤੋਂ ਸਰਟੀਫਿਕੇਟ (ਯੂ.ਸੀ.) ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੰਚਾਇਤੀ ਫੰਡਾਂ, ਵਿੱਤ ਕਮਿਸ਼ਨ ਦੇ ਫੰਡਾਂ ਅਤੇ ਪੇਂਡੂ ਵਿਕਾਸ ਫੰਡਾਂ ਅਧੀਨ ਚੱਲ ਰਹੇ ਪ੍ਰਾਜੈਕਟ ਇਕ ਮਹੀਨੇ ਦੇ ਅੰਦਰ ਮੁਕੰਮਲ ਕੀਤੇ ਜਾਣ ਅਤੇ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪ੍ਰਾਜੈਕਟਾਂ ਦੀ ਪ੍ਰਗਤੀ ਬਾਰੇ ਹਫ਼ਤਾਵਾਰੀ ਸਮੀਖਿਆ ਕਰਨਗੇ।
ਡਿਪਟੀ ਕਮਿਸ਼ਨਰ ਨੇ ਵਿਭਾਗ ਦੇ ਮੁਖੀਆਂ ਨੂੰ ਨਿੱਜੀ ਤੌਰ ਤੇ ਨਿਗਰਾਨੀ ਕਰਨ ਲਈ ਕਿਹਾ ਤਾਂ ਜੋ ਬਕਾਇਆ ਕੰਮ ਨਿਰਧਾਰਤ ਸਮੇਂ ਵਿੱਚ ਪੂਰੇ ਕੀਤੇ ਜਾ ਸਕਣ। ਉਨ੍ਹਾਂ ਅੱਗੇ ਬੀ.ਡੀ.ਪੀ.ਓਜ਼ ਨੂੰ ਕਿਹਾ ਕਿ ਉਹ ਮਹਾਤਮਾ ਗਾਂਧੀ ਨੈਸ਼ਨਲ ਰੋਜ਼ਗਾਰ ਗਰੰਟੀ ਐਕਟ (ਮਨਰੇਗਾ) ਤਹਿਤ ਕਰੋਨਾ ਮਹਾਂਮਾਰੀ ਦੌਰਾਨ ਪਿੰਡਾਂ ਵਿੱਚ ਵਿੱਤੀ ਮਾਰ ਹੇਠ ਆਏ ਲੋਕਾਂ ਦੇ ਸਹਾਇਤਾ ਲਈ ਕੰਮਾਂ ਵਿੱਚ ਤੇਜ਼ੀ ਲਿਆਉਣ। ਉਨ੍ਹਾਂ ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ, ਜਲ ਜੀਵਨ ਮਿਸ਼ਨ, ਡੈਪੋ, ਬੱਡੀ ਪ੍ਰੋਗਰਾਮ, ਨਸ਼ਾ ਰੋਕੂ ਉਪਾਅ ਲਾਗੂ ਕਰਨ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਪ੍ਰੋਗਰਾਮ, ਖੇਤੀਬਾੜੀ ਅਤੇ ਕਿਸਾਨ ਭਲਾਈ ਸਕੀਮਾਂ, ਸਮਾਜਿਕ ਸੁਰੱਖਿਆ ਯੋਜਨਾਵਾਂ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਯੋਜਨਾਵਾਂ ਸਮੇਤ ਵੱਖ-ਵੱਖ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ।
ਯੂਡੀਆਈਡੀ ਕਾਰਡਾਂ ਲਈ ਕੈਂਪ ਲਗਾਉਣ ਦੀ ਹਦਾਇਤ
ਲੁਧਿਆਣਾ(ਟ੍ਰਿਬਿਊਨ ਨਿਊਜ਼ ਸਰਵਿਸ): ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਯੂਨੀਕ ਡਿਸਏਬਲਿਟੀ ਆਈਡੈਟੀ ਕਾਰਡ (ਯੂ.ਡੀ.ਆਈ.ਡੀ) ਸਕੀਮ ਤਹਿਤ ਸਾਰੇ ਯੋਗ ਲਾਭਪਾਤਰੀਆਂ ਦੀ ਰਜਿਸ਼ਟ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਕੈਂਪ ਲਾਉਣ। ਸਥਾਨਕ ਬਚਤ ਭਵਨ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਵਿਭਾਗ ਨੂੰ ਅਗਲੇ ਹਫ਼ਤੇ ਤੋਂ ਜ਼ਿਲ੍ਹੇ ਦੀ ਹਰੇਕ ਸਬ-ਡਵੀਜ਼ਨ ਵਿਚ ਇਕ-ਇਕ ਕੈਂਪ ਲਗਾਉਣ ਅਤੇ ਨਿਗਮ ਕੌਸਲਰਾਂ, ਸਰਪੰਚਾਂ, ਆਸ਼ਾ ਵਰਕਰਾਂ ਰਾਹੀਂ ਆਮ ਲੋਕਾਂ ਨੂੰ ਕੈਂਪਾਂ ਬਾਰੇ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਵਿਸ਼ੇਸ਼ ਤੌਰ 0ਤੇ ਯੋਗ ਵਿਅਕਤੀ ਇਸ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਉਹ ਕੈਂਪਾਂ ਰਾਹੀਂ ਰੋਜ਼ਾਨਾ ਵੱਧ ਤੋਂ ਵੱਧ ਯੋਗ ਵਿਅਕਤੀਆਂ ਦੀ ਰਜਿਸ਼ਟ੍ਰੇਸ਼ਨ ਨੂੰ ਯਕੀਨੀ ਬਣਾਉਣ ਅਤੇ ਖੁਦ ਰਜਿਸ਼ਟ੍ਰੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਵੀ ਲੈਣ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਯੂ.ਡੀ.ਆਈ.ਡੀ. ਕੈਂਪਾਂ ਵਿਚ ਆਪਣਾ ਆਧਾਰ ਕਾਰਡ, ਵੋਟਰ ਕਾਰਡ ਜਾਂ ਉਮਰ ਦਾ ਕੋਈ ਸਬੂਤ, ਪਾਸਪੋਰਟ ਅਕਾਰ ਦੀ ਫੋਟੋ ਅਤੇ ਹੋਰ ਦਸਤਾਵੇਜ਼ ਨਾਲ ਲੈ ਕੇ ਆਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਕੈਂਪਾਂ ਦਾ ਅਚਨਚੇਤ ਨਿਰੀਖਣ ਵੀ ਕਰਨਗੇ।ਉਨ੍ਹਾਂ ਕਿਹਾ ਕਿ ਅੰਗਹੀਣਤਾ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਮਾਹਰ ਡਾਕਟਰਾਂ ਦਾ ਇੱਕ ਪੈਨਲ ਸਰੀਰਕ ਜਾਂਚ ਕਰੇਗਾ ਜਿਸ ਵਿੱਚ ਆਰਥੋਪੀਡਿਕਸ, ਈ.ਐਨ.ਟੀ. ਅਤੇ ਈ.ਵਾਈ.ਈ. ਮਾਹਰ, ਮਨੋਰੋਗ, ਮਾਹਰ ਰੋਗ ਵਿਗਿਆਨੀ ਅਤੇ ਹੋਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਕਾਰਡ ਅੰਗਹੀਣ ਵਿਅਕਤੀ ਨੂੰ ਸਿਰਫ ਪਾਰਦਰਸ਼ਤਾ, ਕੁਸ਼ਲਤਾ ਅਤੇ ਸਰਕਾਰੀ ਲਾਭ ਪਹੁੰਚਾਉਣ ਲਈ ਉਤਸ਼ਾਹਤ ਕਰਨ ਲਈ ਹੀ ਨਹੀਂ ਸਗੋਂ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਵੀ ਜਾਰੀ ਕੀਤੇ ਜਾ ਰਹੇ ਹਨ।ਇਸ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਕਿਰਨ ਗਿੱਲ ਆਹਲੂਵਾਲੀਆ ਆਦਿ ਮੌਜੂਦ ਸਨ।