ਸਤਵਿੰਦਰ ਬਸਰਾ
ਲੁਧਿਆਣਾ, 2 ਜੁਲਾਈ
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਅਤੇ ਆਨਲਾਈਨ ਟੈਸਟਾਂ ਦੀਆਂ ਤਰੀਕਾਂ ਕਲੈਸ਼ ਹੋਣ ਤੋਂ ਬਾਅਦ ਅੱਜ ਆਨਲਾਈਨ ਟੈਸਟਾਂ ਦੀ ਨਵੀਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤਰੀਕਾਂ ਕਲੈਸ਼ ਹੋਣ ਕਾਰਨ ਸਕੂਲ ਮੁਖੀ, ਅਧਿਆਪਕ ਦੁਚਿੱਤੀ ਵਿੱਚ ਫਸ ਗਏ ਸਨ। ਦੂਜੇ ਪਾਸੇ ਅਧਿਆਪਕ ਅਤੇ ਮੁਲਾਜ਼ਮ ਜੱਥੇਬੰਦੀਆਂ ਨੇ ਅਜਿਹੇ ਵਰਤਾਰੇ ਦੀ ਨਿਖੇਧੀ ਕੀਤੀ ਹੈ। ਬੀਤੇ ਦਿਨੀਂ ਦਫਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਡੀਈਓਜ਼, ਸਕੂਲ ਮੁਖੀਆਂ ਨੂੰ ਦੋ ਵੱਖ ਵੱਖ ਪੱਤਰ ਜਾਰੀ ਕੀਤੇ ਸਨ। ਇਨ੍ਹਾਂ ਵਿੱਚੋਂ ਇੱਕ ਪੱਤਰ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸਕੂਲਾਂ ਦੇ ਵਿਦਿਅਕ ਮੁਕਾਬਲੇ ਕਰਵਾਉਣ ਅਤੇ ਦੂਜੇ ਪੱਤਰ ਰਾਹੀਂ ਹੁਣ ਤੱਕ ਆਨਲਾਈਨ ਕਰਵਾਈ ਪੜ੍ਹਾਈ ਦਾ ਆਨਲਾਈਨ ਟੈਸਟ ਲੈਣ ਦੀਆਂ ਤਰੀਕਾਂ ਜਾਰੀ ਕੀਤੀਆਂ ਗਈਆਂ ਸਨ। ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਪੱਤਰਾਂ ਵਿਚ ਵਿੱਦਿਅਕ ਮੁਕਾਬਲੇ ਅਤੇ ਆਨਲਾਈਨ ਟੈਸਟ 6 ਜੁਲਾਈ ਤੋਂ ਕਰਵਾਏ ਜਾਣੇ ਸਨ। ਵਿਭਾਗ ਨੇ ਅੱਜ ਇਸ ਗਲਤੀ ਨੂੰ ਸੁਧਾਰਦਿਆਂ ਆਨਲਾਈਨ ਟੈਸਟ 6 ਜੁਲਾਈ ਤੋਂ ਬਦਲ ਕਿ 13 ਤੋਂ 18 ਜੁਲਾਈ ਨੂੰ ਕਰ ਦਿੱਤੇ ਹਨ। ਦੂਜੇ ਪਾਸੇ ਡੀਟੀਐਫ ਦੇ ਆਗੂਆਂ ਹਰਦੇਵ ਸਿੰਘ ਮੁੱਲਾਂਪੁਰ, ਗੁਰਪ੍ਰੀਤ ਸਿੰਘ, ਮਨਜਿੰਦਰ ਚੀਮਾ ਅਤੇ ਦਲਜੀਤ ਸਿੰਘ, ਨੇ ਵਿਭਾਗ ਨੂੰ ਅਪੀਲ ਕੀਤੀ ਕਿ ਪੱਤਰ ਜਾਰੀ ਕਰਨ ਤੋਂ ਪਹਿਲਾਂ ਪੂਰੀ ਪੜਤਾਲੇ ਜਾਣੇ ਚਾਹੀਦੇ ਹਨ।