ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 14 ਮਈ
ਲਾਗਲੇ ਪਿੰਡ ਕੰਗਣਵਾਲ ਦਾ ਸਰਪੰਚ ਅਤੇ ਅਗਾਂਹਵਧੂ ਕਿਸਾਨ ਰੁਪਿੰਦਰ ਸਿੰਘ ਪਿੱਦੂ ਬਿਨਾਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਜਿੱਥੇ ਆਪਣੀ ਆਮਦਨ ਵਿੱਚ ਵਾਧਾ ਕਰ ਰਿਹਾ ਹੈ, ਉੱਥੇ ਹੋਰਨਾਂ ਕਿਸਾਨਾਂ ਲਈ ਵੀ ਰਾਹ ਦਸੇਰਾ ਬਣਿਆ ਹੋਇਆ ਹੈ। ਰੁਪਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੇ ਲੰਘੇ ਛੇ ਸਾਲਾਂ ਦੌਰਾਨ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਾਈ ਤੇ ਸਹਿਕਾਰੀ ਸਭਾ ਤੋਂ ਪਲਟਾਵੇਂ ਹਲ ਲੈ ਕੇ ਉਸ ਨੂੰ ਖੇਤ ਵਿੱਚ ਹੀ ਵਾਹੁੰਦਾ ਰਿਹਾ ਹੈ। ਇਸ ਨਾਲ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ ਤੇ ਉੱਥੇ ਜ਼ਮੀਨ ਵਿਚਲੇ ਤੱਤ ਵੀ ਨਸ਼ਟ ਨਹੀਂ ਹੁੰਦੇ। ਉਹ 15 ਏਕੜ ਜ਼ਮੀਨ ਵਿੱਚ ਆਲੂ ਦੀ ਖੇਤੀ ਕਰਦਾ ਹੈ, ਜਿਸ ਵਿੱਚ ਸਿੰਚਾਈ ਦੇ ਪ੍ਰਬੰਧਨ ਲਈ ਉਸ ਨੇ ਭੂਮੀ ਤੇ ਪਾਣੀ ਰੱਖਿਆ ਵਿਭਾਗ ਤੋਂ ਸਬਸਿਡੀ ’ਤੇ 15 ਏਕੜ ਜ਼ਮੀਨ ’ਤੇ ਫੁਆਰਾ ਸਿੰਚਾਈ ਸਿਸਟਮ ਲਵਾਇਆ ਹੈ, ਜਿਸ ਨਾਲ ਪਾਣੀ ਦੀ ਬੱਚਤ ਹੁੁੰਦੀ ਹੈ। ਇਸ ਦੇ ਨਾਲ ਹੀ ਪਿੱਦੂ ਲਗਭਗ 20 ਏਕੜ ਵਿੱਚ ਬਾਸਮਤੀ 1509 ਦੀ ਖੇਤੀ ਕਰਦਾ ਹੈ। ਰੁਪਿੰਦਰ ਸਿੰਘ ਪਿੱਦੂ ਨੇ ਖੇਤੀ ਤੋਂ ਇਲਾਵਾ ਸਹਾਇਕ ਧੰਦੇ ਵਜੋਂ 50 ਦੁਧਾਰੂ ਪਸ਼ੂ ਵੀ ਰੱਖੇ ਹੋਏ ਹਨ ਜਿਨ੍ਹਾਂ ਦੇ ਚਾਰੇ ਦੇ ਪ੍ਰਬੰਧਨ ਲਈ ਉਸਨੇ 20 ਏਕੜ ਜ਼ਮੀਨ ਵਿੱਚ ਚਾਰੇ ਵਾਲੀ ਮੱਕੀ ਦੀ ਖੇਤੀ ਕੀਤੀ ਹੋਈ ਹੈ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਨਮੋਲਦੀਪ ਸਿੰਘ ਨੇ ਦਾਅਵਾ ਕੀਤਾ ਪਿੱਦੂ ਵੱਲੋਂ 20 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਉਸ ਨੂੰ ਸਰਕਾਰ ਵੱਲੋਂ 15 ਸੌ ਰੁਪਏ ਪ੍ਰਤੀ ਏਕੜ ਦਿੱਤੇ ਜਾਣਗੇ।