ਪੱਤਰ ਪ੍ਰੇਰਕ
ਜਗਰਾਉਂ, 4 ਜਨਵਰੀ
ਹਲਕੇ ਦੇ ਪਿੰਡ ਡੱਲਾ ’ਚ ਪਲਾਟ ਦੇ ਕਬਜ਼ੇ ਨੂੰ ਲੈ ਕੇ ਬਜ਼ੁਰਗ ਬਲਦੇਵ ਸਿੰਘ ਦੇ ਹੋਏ ਕਤਲ ਦੇ ਮਾਮਲੇ ’ਚ ਬਜ਼ੁਰਗ ਦੇ ਵਾਰਿਸਾਂ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਪੁਲੀਸ ਉੱਤੇ ਪੱਖਪਾਤ ਦੇ ਦੋਸ਼ ਲਗਾਏ ਹਨ। ਮ੍ਰਿਤਕ ਬਲਦੇਵ ਸਿੰਘ ਦੇ ਬੇਟੇ ਜਗਤਾਰ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਬਚਿੱਤਰ ਸਿੰਘ, ਪ੍ਰਧਾਨ ਨਿਰਮਲ ਸਿੰਘ ਡੱਲਾ ਆਦਿ ਨੇ ਆਖਿਆ ਕਿ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਤਾਂ ਉਸੇ ਵਕਤ ਹੀ ਹਿਰਾਸਤ ’ਚ ਲੈ ਲਿਆ ਸੀ ਪਰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ’ਚ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਕੋਈ ਆਮ ਅਪਰਾਧੀ ਛੋਟਾ-ਮੋਟਾ ਅਪਰਾਧ ਵੀ ਕਰ ਦੇਵੇ ਤਾਂ ਪੁਲੀਸ ਉਸਦੇ ਪਰਿਵਾਰ ਨੂੰ ਥਾਣੇ ਬੁਲਾ-ਬੁਲਾ ਕੇ ਖੱਜਲ ਕਰਦੀ ਰਹਿੰਦੀ ਹੈ, ਇੱਥੇ ਗਰੀਬ ਪਰਿਵਾਰ ਦਾ ਮਸਲਾ ਹੈ, ਪੁਲੀਸ ਹੱਥ ’ਤੇ ਹੱਥ ਧਰੀ ਬੈਠੀ ਹੈ। ਕਤਲ ਦਾ ਮੁੱਖ ਮੁਲਜ਼ਮ ਸ਼ਰ੍ਹੇਆਮ ਘੁੰਮ ਰਿਹਾ ਹੈ। ਇਸ ਕੇਸ ਸਬੰਧੀ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਅਵੀਨਵ ਚੌਹਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਮੁੱਢ ਤੋਂ ਖਾਰਜ ਕਰਦਿਆਂ ਆਖਿਆ ਕਿ ਕਤਲ ’ਚ ਲੋੜੀਂਦੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵੱਲੋਂ ਛਾਪੇ ਜਾਰੀ ਹਨ।