ਦੇਵਿੰਦਰ ਸਿੰਘ ਜੱਗੀ
ਪਾਇਲ, 27 ਜੂਨ
ਕਾਂਗਰਸੀ ਆਗੂ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਕਾਕਾ ਰੋੜੀਆਂ ਤੇ ਸਾਥੀਆਂ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਅਤੇ ਵੱਖ ਵੱਖ ਧਾਰਾਵਾਂ ਖ਼ਿਲਾਫ਼ ਦਰਜ ਕੀਤੇ ਪਰਚੇ ਰੱਦ ਕਰਵਾਉਣ ਲਈ ਕਾਕਾ ਰੋੜੀਆਂ ਦੇ ਦਲਿਤ ਸਮੱਰਥਕਾਂ ਨੇ ਅੱਜ ਰੋਸ ਧਰਨਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 16 ਜੂਨ ਨੂੰ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਦੀ ਅਗਵਾਈ ਵਿੱਚ ‘ਪੋਲ ਖੋਲ੍ਹ ਸੱਥ’ ਮੁਹਿੰਮ ਤਹਿਤ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਦਾਣਾ ਮੰਡੀ ਮਲੌਦ ਵਿੱਚ ਰੋਸ ਧਰਨਾ ਦਿੱਤਾ ਜਾ ਰਿਹਾ ਸੀ, ਇਸੇ ਦੌਰਾਨ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਕਾਕਾ ਰੋੜੀਆਂ ਵੱਡੀ ਗਿਣਤੀ ਧਰਨੇ ’ਤੇ ਸਮੱਰਥਕਾਂ ਨਾਲ ਪਹੁੰਚੇ, ਜਿਥੇ ਦੋਨਾਂ ਧਿਰਾਂ ਵਿੱਚ ਝੜਪ ਹੋ ਗਈ। ਜਿਸ ਤੋਂ ਬਾਅਦ ਪੁਲੀਸ ਨੇ ਕਾਕਾ ਰੋੜੀਆਂ ਤੇ ਸਾਥੀਆਂ ਖ਼ਿਲਾਫ਼ ਕਾਰਵਾਈ ਕੀਤੀ ਸੀ। ਧਰਨੇ ਵਿੱਚ ਪੁੱਜੇ ਬਾਬਾ ਰਣਜੀਤ ਸਿੰਘ, ਮੇਜਰ ਸਿੰਘ, ਦਲਵਾਰਾ ਸਿੰਘ, ਬੀਬੀ ਮਨਜੀਤ ਕੌਰ, ਬੀਬੀ ਅਵਤਾਰ ਕੌਰ ਅਤੇ ਪਰਮਜੀਤ ਕੌਰ ਨੇ ਉੱਚ ਅਫ਼ਸਰਾਂ ਤੋਂ ਮੰਗ ਕਰਦਿਆਂ ਕਿਹਾ ਕਿ ਰਾਜਿੰਦਰ ਸਿੰਘ ਕਾਕਾ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ।