ਦੇਵਿੰਦਰ ਸਿੰਘ ਜੱਗੀ
ਪਾਇਲ, 16 ਮਈ
ਪਿੰਡ ਕੋਟਲੀ ਦੀ ਵੱਡੀ ਗਿਣਤੀ ਦਲਿਤ ਆਬਾਦੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੈ। ਪਿੰਡ ਨਿਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਉਨ੍ਹਾਂ ਦੀ ਆਬਾਦੀ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਇੱਕ ਸਾਲ ਪਹਿਲਾਂ ਪਿੰਡ ਵਾਲਿਆਂ ਨੇ ਇਹ ਮੁੱਦਾ ਮੀਡੀਆ ਵਿੱਚ ਲਿਆਂਦਾ ਸੀ, ਪਰ ਇਸ ਮਗਰੋਂ ਵੀ ਵਾਟਰ ਸਪਲਾਈ ਵਿਭਾਗ ਤੇ ਪਿੰਡ ਦੀ ਪੰਚਾਇਤ ਨੇ ਕੋਈ ਅਮਲ ਨਹੀਂ ਕੀਤਾ ਅਤੇ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਦੂਸ਼ਿਤ ਪਾਣੀ ਪੀਣ ਕਾਰਨ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਇਸ ਸਬੰਧੀ ਐੱਸਡੀਐੱਮ ਪਾਇਲ ਤੇ ਸਿਹਤ ਵਿਭਾਗ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਹਨ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਫੂਲ੍ਹੇ ਸ਼ਾਹ ਅੰਬੇਡਕਰ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਇਕ ਸਾਲ ਪਹਿਲਾਂ ਜਥੇਬੰਦੀ ਨੇ ਇਹ ਮੁੱਦਾ ਚੁੱਕਿਆ ਸੀ ਕਿ ਪਿੰਡ ਅੰਦਰ ਵੱਡੀ ਗਿਣਤੀ ਦਲਿਤ ਆਬਾਦੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੈ। ਪਿੰਡ ਅੰਦਰ ਬਹੁ ਗਿਣਤੀ ਦਲਿਤ ਲੋਕ ਬਹੁਤ ਦਬਾਅ ਹੇਠ ਹਨ, ਇੱਕ ਸਾਲ ਬੀਤਣ ਤੋਂ ਬਾਅਦ ਵੀ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਉਕਤ ਆਬਾਦੀ ਦੇ ਵਸਨੀਕਾਂ ਦੀ ਇਹ ਮੰਗ ਹੈ ਕਿ ਪ੍ਰਸ਼ਾਸਨ ਤੁਰੰਤ ਦੂਸ਼ਿਤ ਪਾਣੀ ਦੀ ਸਮੱਸਿਆ ਨੂੰ ਦੂਰ ਕਰਕੇ ਪੀਣ ਲਾਇਕ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਵੇ। ਇਸ ਸਬੰਧੀ ਮਹਿਲਾ ਸਰਪੰਚ ਪਲਵਿੰਦਰ ਕੌਰ ਨਾਲ ਜਦੋਂ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦੇ ਪਤੀ ਸਾਬਕਾ ਸਰਪੰਚ ਵਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧੀ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਸੂਚਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪਿੰਡ ਵਿੱਚ ਪਾਈਆਂ ਗਈਆਂ ਪਾਇਪਾਂ ਦਾ ਨਿਰੀਖਣ ਕੀਤਾ ਗਿਆ ਸੀ ਤੇ ਪਾਇਪਾਂ ਦੀ ਕੋਈ ਵੀ ਸਮੱਸਿਆ ਸਾਹਮਣੇ ਨਹੀਂ ਆਈ। ਸਬੰਧਿਤ ਮਹਿਕਮੇ ਨਾਲ ਹੁਣ ਵੀ ਸੰਪਰਕ ਜਾਰੀ ਹੈ ਤੇ ਜਲਦ ਹੀ ਸਾਫ਼ ਪੀਣ-ਯੋਗ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ।