ਗਗਨਦੀਪ ਅਰੋੜਾ
ਲੁਧਿਆਣਾ, 7 ਅਪਰੈਲ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਬੀਤੇ ਦਿਨ ਕੀਤੀ ਗਈ ਵਿਵਾਦਤ ਟਿੱਪਣੀ ਮਗਰੋਂ ਸੂਬੇ ਦੀ ਸਿਆਸਤ ਗਰਮਾ ਗਈ ਹੈ, ਜਿਥੇ ਵਿਰੋਧੀ ਸੁਨੀਲ ਜਾਖੜ ਨੂੰ ਇਸ ਮੁੱਦੇ ’ਤੇ ਘੇਰ ਰਹੇ ਹਨ, ਉਥੇ ਉਨ੍ਹਾਂ ਦਾ ਕਾਂਗਰਸ ’ਚ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਲੁਧਿਆਣਾ ਵਿੱਚ ਕਈ ਥਾਵਾਂ ’ਤੇ ਕਾਂਗਰਸੀ ਆਗੂ ਸੁਨੀਲ ਜਾਖੜ ਦਾ ਵਿਰੋਧ ਕਰਦੇ ਨਜ਼ਰ ਆਏ। ਦਲਿਤ ਭਾਈਚਾਰੇ ਵੱਲੋਂ ਬਸਤੀ ਜੋਧੇਵਾਲ ਵਿੱਚ ਧਰਨਾ ਦੇ ਕੇ ਇੱਕ ਘੰਟੇ ਤੋਂ ਵੱਧ ਟਰੈਫਿਕ ਜਾਮ ਰੱਖਿਆ ਗਿਆ, ਇਸਦੇ ਨਾਲ ਹੀ ਲੋਕਾਂ ਨੇ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸੁਨੀਲ ਜਾਖੜ ਤੋਂ ਮੁਆਫ਼ੀ ਮੰਗਵਾਉਣ ਦੀ ਗੱਲ ਕਹੀ ਗਈ ਤੇ ਕਾਂਗਰਸ ਪ੍ਰਧਾਨ ਕੋਲੋਂ ਜਾਖੜ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਕੀਤੀ। ਹਾਲਾਂਕਿ ਸੁਨੀਲ ਜਾਖੜ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਕਿਸੇ ਦੀ ਸੰਤੁਸ਼ਟੀ ਨਹੀਂ ਹੁੰਦੀ ਤਾਂ ਉਹ ਮਾਫ਼ੀ ਮੰਗਦੇ ਹਨ।
ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਅਸ਼ਵਨੀ ਸਹੋਤਾ, ਓਪੀ ਦਵ੍ਰਿੜ ਨੇ ਦੱਸਿਆ ਕਿ ਇੱਕ ਪਾਸੇ ਤਾਂ ਕਾਂਗਰਸ ਐੱਸਸੀ ਸਮਾਜ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਦੁਬਾਰਾ ਮੁੱਖ ਮੰਤਰੀ ਵਜੋਂ ਐਲਾਨ ਕਰਕੇ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ’ਚ ਹੈ। ਦੂਜੇ ਪਾਸੇ ਐੱਸ.ਸੀ. ਭਾਈਚਾਰੇ ਦੇ ਵਿਅਕਤੀ ਤੋਂ ਕਾਂਗਰਸ ਦੇ ਸੀਨੀਅਰ ਆਗੂ ਦੁਖੀ ਹਨ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਐੱਸ.ਸੀ ਸਮਾਜ ਦੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ’ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ ਸੀ ਤਾਂ ਪੂਰੇ ਦੇਸ਼ ’ਚ ਪ੍ਰਚਾਰ ਕੀਤਾ ਗਿਆ ਸੀ ਕਿ ਕਾਂਗਰਸ ਨੇ ਇਤਿਹਾਸ ਰਚਿਆ ਹੈ। ਉਸ ਤੋਂ ਬਾਅਦ ਫਿਰ ਰੈਲੀ ਕਰਕੇ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਤੇ ਵਾਹਵਾਹੀ ਖੱਟੀ। ਹੁਣ ਸੱਚਾਈ ਸਭ ਦੇ ਸਾਹਮਣੇ ਆ ਗਈ ਹੈ ਕਿ ਕਾਂਗਰਸ ਦੇ ਵੱਡੇ ਆਗੂ ਦਲਿਤ ਸਮਾਜ ਦੇ ਬਾਰੇ ਕੀ ਸੋਚਦੇ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੇ ਦਲਿਤ ਸਮਾਜ ਬਾਰੇ ਅਜਿਹਾ ਬੋਲ ਕੇ ਆਪਣੀ ਸੋਚ ਸਾਹਮਣੇ ਲਿਆ ਦਿੱਤੀ ਹੈ ਕਿ ਉਹ ਦਲਿਤ ਸਮਾਜ ਬਾਰੇ ਕੀ ਸੋਚਦੇ ਹਨ। ਡੀਸੀ ਦਫ਼ਤਰ ’ਚ ਪ੍ਰਦਰਸ਼ਨ ਤੋਂ ਬਾਅਦ ਵੱਖ-ਵੱਖ ਜੱਥੇਬੰਦੀਆਂ ਨੇ ਬਸਤੀ ਜੋਧੇਵਾਲ ’ਚ ਵੀ ਪ੍ਰਦਰਸ਼ਨ ਕੀਤਾ।
ਲੁਧਿਆਣਾ (ਗੁਰਿੰਦਰ ਸਿੰਘ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਕੀਤੀ ਟਿੱਪਣੀ ਖ਼ਿਲਾਫ਼ ਅੱਜ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਅਤੇ ਸਤਿਗੁਰੂ ਰਵਿਦਾਸ ਧਰਮ ਸਮਾਜ ਪੰਜਾਬ ਵੱਲੋਂ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪੁਲੀਸ ਕਮਿਸ਼ਨਰ ਨੂੰ ਜਾਖੜ ਵਿਰੁੱਧ ਕਰਵਾਈ ਲਈ 7 ਦਿਨ ਦਾ ਅਲਟੀਮੇਟਮ ਦਿੱਤਾ। ਪ੍ਰਧਾਨ ਗੁਰਮੁਖ ਸਿੰਘ ਬੁਢੇਲ ਅਤੇ ਪ੍ਰਧਾਨ ਆਨੰਦ ਕਿਸ਼ੋਰ ਦੀ ਅਗਵਾਈ ਵਿੱਚ ਸੈਂਕੜੇ ਵਰਕਰਾਂ ਨੇ ਸੁਨੀਲ ਜਾਖੜ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੁਢੇਲ ਨੇ ਕਿਹਾ ਕਿ ਜਾਖੜ ਨੇ ਜਿੱਥੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਸੂਬੇ ਦੀ ਭਾਈਚਾਰਕ ਸਾਂਝ ਨੂੰ ਵੀ ਵੱਡੀ ਸੱਟ ਮਾਰੀ ਹੈ। ਆਗੂਆਂ ਨੇ ਜਾਖੜ ’ਤੇ ਐੱਸਸੀ ਐੱਸਟੀ ਐਕਟ ਦਾ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 7 ਦਿਨਾਂ ਦੇ ਅੰਦਰ-ਅੰਦਰ ਸੁਨੀਲ ਜਾਖੜ ’ਤੇ ਪਰਚਾ ਦਰਜ ਨਾ ਕੀਤਾ ਤਾਂ ਸੂਬੇ ਅੰਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕਰਦਿਆਂ ਇੱਕ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਪਮਾਲੀ, ਡਾ. ਰੁਪਿੰਦਰ ਸਿੰਘ ਸੁਧਾਰ, ਲਖਵਿੰਦਰ ਸਿੰਘ ਘਮਨੇਵਾਲ, ਮੇਵਾ ਸਿੰਘ ਸਲੇਮਪੁਰ ਆਦਿ ਹਾਜ਼ਰ ਸਨ।
ਜਾਮ ਲੱਗਣ ਕਾਰਨ ਆਮ ਲੋਕ ਹੋਏ ਪ੍ਰੇਸ਼ਾਨ
ਬਸਤੀ ਜੋਧੇਵਾਲ ਚੌਕ ਵਿੱਚ ਪ੍ਰਦਰਸ਼ਨਕਾਰੀਆਂ ਨੇ ਇੱਕ ਘੰਟੇ ਤੋਂ ਵੱਧ ਟਰੈਫਿਕ ਜਾਮ ਰੱਖਿਆ, ਜਿਸ ਕਰਕੇ ਉਥੋਂ ਲੰਘਣ ਵਾਲੇ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਰੈਫਿਕ ਪੁਲੀਸ ਨੇ ਲੋਕਾਂ ਨੂੰ ਬਦਲਵੇਂ ਰੂਟ ’ਤੇ ਭੇਜਿਆ ਪਰ ਚੌਕ ਵਿੱਚ ਹਮੇਸ਼ਾ ਹੀ ਭੀੜ ਰਹਿੰਦੀ ਹੈ, ਜਿਸ ਕਰਕੇ ਧਰਨੇ ਕਾਰਨ ਇੱਥੇ ਲੋਕਾਂ ਦਾ ਬੁਰਾ ਹਾਲ ਹੋ ਗਿਆ। ਬਾਅਦ ਵਿੱਚ ਪੁਲੀਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪੁੱਜ ਕੇ ਐੱਸਸੀ ਭਾਈਚਾਰੇ ਦੇ ਲੋਕਾਂ ਨੂੰ ਸਮਝਾਇਆ ਤੇ ਧਰਨਾ ਖਤਮ ਕਰਵਾਇਆ।
ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਜਾਖੜ ਦੀ ਨਿੰਦਾ
ਪਾਇਲ (ਦੇਵਿੰਦਰ ਜੱਗੀ): ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਗੁਰਕੀਰਤ ਸਿੰਘ, ਪ੍ਰਦੇਸ਼ ਕਾਂਗਰਸ ਦੇ ਆਗੂ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਉਸ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ, ਜਿੱਸ ਵਿੱਚ ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਬਤ ਅਪਮਾਨਜਨਕ ਟਿੱਪਣੀ ਕੀਤੀ ਹੈ। ਆਗੂਆ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਜਿੱਥੇ ਹਰ ਧਰਮ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ, ਉੱਥੇ ਹਰ ਵਰਗ ਖਾਸ ਕਰਕੇ ਦੱਬੇ ਕੁਚਲੇ ਵਰਗ ਦੇ ਲੋਕਾਂ ਨਾਲ ਖੜ੍ਹਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੇ ਵੱਡੇ ਅਹੁਦਿਆਂ ਦੀ ਜ਼ਿੰਮੇਵਾਰੀ ਭੁੱਲ ਕੇ ਜਾਖੜ ਨੇ ਗੈਰ ਸੰਜੀਦਾ ਤੇ ਗੈਰ ਜ਼ਿੰਮੇਵਾਰ ਆਗੂ ਹੋਣ ਦਾ ਸਬੂਤ ਦਿੱਤਾ ਹੈ, ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ। ਸਾਰੇ ਆਗੂਆਂ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਹੁੰਦਿਆਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਸੁਨੀਲ ਜਾਖੜ ਨੂੰ ਆਪਣੀ ਇਸ ਬੇਤੁਕੀ ਟਿੱਪਣੀ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
ਐੱਸਸੀ ਭਾਈਚਾਰੇ ਵੱਲੋਂ ਕਾਂਗਰਸੀ ਆਗੂ ਖ਼ਿਲਾਫ਼ ਮੁਜ਼ਾਹਰਾ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਸਥਾਨਕ ਅੰਬੇਦਕਰ ਚੌਕ ਵਿੱਚ ਐੱਸਸੀ ਭਾਈਚਾਰੇ ਵੱਲੋਂ ਕਾਂਗਰਸੀ ਆਗੂ ਸੁਨੀਲ ਜਾਖੜ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਜਾਤੀਸੂਚਕ ਅਪਸ਼ਬਦ ਬੋਲਣ ’ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਮਾਛੀਵਾੜਾ ਅੰਬੇਦਕਰ ਚੌਕ ’ਚ ਇਕੱਤਰ ਹੋਏ ਚੌਕੀਦਾਰਾ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੀਲੋਂ, ਭਾਵਾਧਸ ਆਗੂ ਰੌਸ਼ਨ ਹੰਸ, ਕਾਂਗਰਸ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ, ਕੌਂਸਲਰ ਪਰਮਜੀਤ ਪੰਮੀ, ਪਰਮਿੰਦਰ ਸਿੰਘ ਨੋਨਾ, ਚੇਅਰਮੈਨ ਧਰਮਵੀਰ ਧੰਮੀ ਆਦਿ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਐੱਸਸੀ ਭਾਈਚਾਰੇ ਲਈ ਵਰਤੀ ਟਿਪਣੀ ਨਾਲ ਸਮੂਹ ਭਾਈਚਾਰੇ ਨੂੰ ਠੇਸ ਪਹੁੰਚੀ ਹੈ, ਜਿਸ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਉਨ੍ਹਾਂ ਨੇ ਜਾਖੜ ਖਿਲਾਫ਼ ਐੱਸਸੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਵੀ ਅਪੀਲ ਕੀਤੀ ਕਿ ਸੁਨੀਲ ਜਾਖੜ ਨੂੰ ਅਜਿਹੀ ਮਾੜੀ ਸ਼ਬਦਾਵਲੀ ਵਰਤਣ ’ਤੇ ਪਾਰਟੀ ’ਚੋਂ ਤੁਰੰਤ ਬਾਹਰ ਕੱਢਿਆ ਜਾਵੇ। ਇਸ ਮੌਕੇ ਇਕੱਤਰ ਹੋਏ ਐੱਸ.ਸੀ. ਭਾਈਚਾਰੇ ਨੇ ਸੁਨੀਲ ਜਾਖੜ ਦੀਆਂ ਤਸਵੀਰਾਂ ਫੂਕੀਆਂ ਅਤੇ ਨਾਲ ਹੀ ਥਾਣਾ ਮੁਖੀ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ।