ਪੱਤਰ ਪ੍ਰੇਰਕ
ਪਾਇਲ, 20 ਅਗਸਤ
ਇੱਥੋਂ ਨਜ਼ਦੀਕੀ ਪਿੰਡ ਰੌਣੀ ਦੇ ਵੱਖੋ-ਵੱਖਰੇ ਮੰਦਰਾਂ ਅੰਦਰ ਭਗਵਾਨ ਕ੍ਰਿਸ਼ਨ ਦਾ ਪਾਵਨ ਜਨਮ ਦਿਹਾੜਾ ਬੜੀ ਹੀ ਸ਼ਰਧਾਪੂਰਵਕ ਮਨਾਇਆ ਗਿਆ। ਜਨਮ ਅਸ਼ਟਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਰੌਣੀ ਵੱਲੋਂ ਪ੍ਰਧਾਨ ਸਿਮਰਜੀਤ ਸਿੰਘ ਬੈਨੀਪਾਲ ਦੀ ਅਗਵਾਈ ਵਿੱਚ ਛਾਂਦਾਰ, ਫੁੱਲਦਾਰ ਅਤੇ ਫਲਾਂ ਵਾਲੇ ਪੌਦੇ ਲਾਏ ਗਏ। ਸਿਮਰਜੀਤ ਸਿੰਘ ਰੌਣੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਰੁੱਖਾਂ ਦੀ ਲਗਾਤਾਰ ਅੰਨ੍ਹੇਵਾਹ ਕਟਾਈ ਹੋ ਰਹੀ ਹੈ ਜੋ ਮਨੁੱਖੀ ਜੀਵਨ ਲਈ ਖ਼ਤਰੇ ਦੀ ਘੰਟੀ ਹੈ ਕਿਉਂਕਿ ਰੁੱਖਾਂ ਦੀ ਘਾਟ ਕਾਰਨ ਵੱਧ ਰਿਹਾ ਪ੍ਰਦੂਸ਼ਣ ਮਨੁੱਖੀ ਜੀਵਨ ਲਈ ਭਿਆਨਕ ਤੇ ਜਾਨ ਲੇਵਾ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆ ਕਿਹਾ ਕਿ ਹਰ ਇੱਕ ਇਨਸਾਨ ਘੱਟੋ ਘੱਟ ਇੱਕ ਰੁੱਖ ਲਗਾ ਕੇ ਉਸਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਕਰੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵਧੀਆਂ ਤੇ ਖੁਸ਼ਗਵਾਰ ਜੀਵਨ ਬਤੀਤ ਕਰ ਸਕਣ। ਇਸ ਮੌਕੇ ਮੀਤ ਪ੍ਰਧਾਨ ਦਵਿੰਦਰ ਸਿੰਘ, ਜਸਵੀਰ ਸਿੰਘ, ਗੁਰਜੰਟ ਸਿੰਘ, ਦਵਿੰਦਰ ਸਿੰਘ, ਦਲੀਪ ਸਿੰਘ ਦੀਪਾ, ਕੁਲਵਿੰਦਰ ਸਿੰਘ, ਜੈ ਵੀਰ ਸਿੰਘ, ਕਾਕਾ ਸਿੰਘ, ਪਰਮਜੀਤ ਸਿੰਘ, ਰੁਪਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।