ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਅਕਤੂਬਰ
ਥਾਣਾ ਸੁਧਾਰ ਤੋਂ ਮਹਿਜ਼ 100 ਗਜ ਦੀ ਦੂਰੀ ‘ਤੇ ਸਥਿਤ ਸ਼ਰਾਬ ਦੇ ਠੇਕੇ ਦੀ ਚਕਾਚੌਂਧ ਵਿੱਚ ਅੜਿੱਕਾ ਬਣੇ ਹਰੇ-ਭਰੇ ਭਾਰੀ ਦਰੱਖਤਾਂ ਉੱਪਰ ਰਾਤ ਦੇ ਹਨੇਰੇ ਵਿੱਚ ਆਰੀ ਚੱਲੀ ਪਰ ਜੰਗਲਾਤ ਵਿਭਾਗ ਦੇ ਅਧਿਕਾਰੀ ਅੱਖਾਂ ਬੰਦ ਕਰ ਕੇ ਕੋਲੋਂ ਲੰਘ ਗਏ। ਐੱਸ.ਡੀ.ਐੱਮ ਰਾਏਕੋਟ ਡਾਕਟਰ ਹਿਮਾਂਸ਼ੂ ਗੁਪਤਾ ਦੇ ਆਦੇਸ਼ ਬਾਅਦ ਥਾਣਾ ਸੁਧਾਰ ਦੀ ਪੁਲਿਸ ਹਰਕਤ ਵਿੱਚ ਆਈ ਅਤੇ ਦਰਜਨ ਤੋਂ ਵੀ ਵਧੇਰੇ ਵਿਅਕਤੀਆਂ ਨੂੰ ਰੰਗੇ ਹੱਥੀਂ ਲੱਕੜਾਂ ਨਾਲ ਭਰੀ ਗੱਡੀ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਪਰ ਦੇਰ ਰਾਤ ਹੀ ਸੱਤਾਧਾਰੀਆਂ ਦੀ ਕਥਿਤ ਸ਼ਹਿ ਉੱਪਰ ਫ਼ਾਰਗ ਵੀ ਕਰ ਦਿੱਤਾ ਗਿਆ, ਹਾਲਾਂਕਿ ਐੱਸਡੀਐੱਮ ਵੱਲੋਂ ਜਾਂਚ ਦਾ ਭਰੋਸਾ ਦਿੱਤਾ ਗਿਆ ਸੀ। ਜ਼ਿਲ੍ਹਾ ਜੰਗਲਾਤ ਅਫ਼ਸਰ ਹਰਭਜਨ ਸਿੰਘ ਨੇ ਪੱਲਾ ਝਾੜਦਿਆਂ ਕਿਹਾ ਕਿ ਸੰਪਰਕ ਸੜਕਾਂ ਕਿਨਾਰੇ ਲੱਗੇ ਦਰੱਖਤਾਂ ਦੀ ਜ਼ਿੰਮੇਵਾਰੀ ਮੰਡੀਕਰਨ ਬੋਰਡ ਦੀ ਬਣਦੀ ਹੈ।
ਮੰਡੀ ਬੋਰਡ ਦੇ ਸਕੱਤਰ ਜਸਮੀਤ ਸਿੰਘ ਬਰਾੜ ਅਤੇ ਉਪ ਮੰਡਲ ਅਫ਼ਸਰ ਜਤਿਨ ਬਾਂਸਲ ਨੇ ਕਿਹਾ ਕਿ ਸੜਕਾਂ ਤਾਂ ਮੰਡੀ ਬੋਰਡ ਬਣਾਉਂਦਾ ਹੈ, ਪਰ ਸੜਕ ਕਿਨਾਰੇ ਲੱਗੇ ਦਰੱਖਤ ਪੰਚਾਇਤ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ। ਇਸ ਲਈ ਕਾਰਵਾਈ ਪੰਚਾਇਤ ਜਾਂ ਬਲਾਕ ਵਿਕਾਸ ਅਫ਼ਸਰ ਕਰਨਗੇ, ਪਰ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਧਰਤੀ ਉੱਪਰ ਲੱਗਾ ਹਰ ਦਰੱਖਤ ਜੰਗਲਾਤ ਵਿਭਾਗ ਦੇ ਅਧੀਨ ਹੈ। ਬੀਡੀਪੀਓ ਹੀਰਾ ਸਿੰਘ ਨੇ ਵੀ ਪੱਲਾ ਝਾੜਦਿਆਂ ਕਿਹਾ ਕਿ ਜ਼ਿੰਮੇਵਾਰੀ ਮੰਡੀ ਬੋਰਡ ਦੀ ਹੀ ਬਣਦੀ ਹੈ।
ਪਿੰਡ ਸੁਧਾਰ ਦੇ ਸਰਪੰਚ ਹਰਮਿੰਦਰ ਸਿੰਘ ਗਿੱਲ ਨੇ ਰਾਤ ਸਮੇਂ ਕਿਹਾ ਕਿ ਪੰਚਾਇਤ ਨੇ ਕਿਸੇ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ, ਜੋ ਵੀ ਅਜਿਹਾ ਕਰ ਰਿਹਾ ਹੈ, ਉਹ ਗ਼ੈਰਕਾਨੂੰਨੀ ਹੈ।
ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ: ਥਾਣਾ ਮੁਖੀ
ਥਾਣਾ ਸੁਧਾਰ ਦੇ ਮੁਖੀ ਰਮਨਪ੍ਰੀਤ ਸਿੰਘ ਅਨੁਸਾਰ ਹਿਰਾਸਤ ਵਿੱਚ ਲਏ ਗਏ ਦਰਜਨ ਤੋਂ ਵਧੇਰੇ ਲੋਕਾਂ ਅਤੇ ਲੱਕੜਾਂ ਨਾਲ ਭਰੀ ਗੱਡੀ ਨੂੰ ਪਿੰਡ ਦੇ ਸਰਪੰਚ ਹੀ ਆਪਣੀ ਜ਼ਿੰਮੇਵਾਰ ਉੱਪਰ ਕੇ ਲੈ ਗਏ ਸਨ। ਉਨ੍ਹਾਂ ਕਿਹਾ ਕਿ ਉਹ ਸਬੰਧਤ ਵਿਭਾਗਾਂ ਨੂੰ ਇਸ ਬਾਰੇ ਸੂਚਨਾ ਦੇਣਗੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।