ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਮਾਰਚ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਦੇ ਸਥਾਪਨਾ ਦਿਵਸ ਸਬੰਧੀ ਕਰਵਾਇਆ ਗਿਆ ਹਫ਼ਤੇ ਦਾ ਸਮਾਰੋਹ ਅੱਜ ਸਮਾਪਤ ਹੋ ਗਿਆ। ਅੱਜ ਆਖਰੀ ਦਿਨ ਸੱਭਿਆਚਾਰਕ ਪੇਸ਼ਕਾਰੀਆਂ ਨੇ ਚੰਗਾ ਰੰਗ ਬੰਨ੍ਹਿਆ। ਪਹਿਲਾਂ ਕਾਲਜ ਦੇ ਡੀਨ ਅਤੇ ਸਮਾਰੋਹ ਦੇ ਪ੍ਰਧਾਨ ਡਾ. ਯਸ਼ਪਾਲ ਸਿੰਘ ਮਲਿਕ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਸੀਫ਼ੇਟ ਸੰਸਥਾ ਦੇ ਨਿਰਦੇਸ਼ਕ ਡਾ. ਨਚਿਕੇਤ ਕੋਤਵਾਲੀਵਾਲੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪ੍ਰਬੰਧਕੀ ਸਕੱਤਰ ਡਾ. ਸਿਮਰਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਕਾਲਜ ਦੇ ਕੁੱਲ 110 ਵਿਦਿਆਰਥੀਆਂ ਵਿਚੋਂ 73 ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਹਿੱਸਾ ਲਿਆ। ਕੋਲਾਜ ਮੁਕਾਬਲੇ ਵਿੱਚੋਂ ਸਮਰੀਤ ਕੌਰ, ਨਵਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਜਦਕਿ ਪਿਯੂਸ਼ ਅਤੇ ਮਨਜੋਤ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੋਸਟਰ ਬਣਾਉਣ ਵਿੱਚ ਦਲਬੀਰ ਸਿੰਘ ਪਹਿਲੇ, ਗੁਰਵਿੰਦਰ ਕੌਰ ਦੂਜੇ ਅਤੇ ਅਮੋਲਦੀਪ ਕੌਰ ਤੀਜੇ ਸਥਾਨ ’ਤੇ ਰਹੀ। ਭਾਸ਼ਣ ਵਿੱਚੋਂ ਨਵਦੀਪ ਕੌਰ ਨੇ ਪਹਿਲਾ, ਦਿਵਨੂਰ ਕੌਰ ਗਰਚਾ ਅਤੇ ਪਰਮਜੀਤ ਸ਼ਰਮਾ ਨੇ ਸਾਂਝੇ ਤੌਰ ’ਤੇ ਦੂਜਾ ਜਦਕਿ ਪ੍ਰਿਯਾ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।