ਸਤਵਿੰਦਰ ਬਸਰਾ
ਲੁਧਿਆਣਾ, 8 ਨਵੰਬਰ
ਇਥੋਂ ਦੇ ਬਾਜ਼ਾਰਾਂ ਵਿੱਚ ਤਿਉਹਾਰਾਂ ਕਰਕੇ ਭੀੜ ਵਧਣੀ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਪਾਬੰਦੀਆਂ ਦੇ ਬਾਵਜੂਦ ਦੁਕਾਨਾਂ ਦੇ ਬਾਹਰ ਲੱਗਦੀਆਂ ਫੜ੍ਹੀਆਂ ਕਰਕੇ ਬਾਜ਼ਾਰਾਂ ਵਿੱਚ ਆਵਾਜਾਈ ਦੀ ਸਮੱਸਿਆ ਵੀ ਵਧ ਗਈ ਹੈ। ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਖਰੀਦਦਾਰ ਵਧ ਗਏ ਹਨ। ਪਹਿਲਾਂ ਹੀ ਭੀੜ-ਭੜੱਕੇ ਦੇ ਬਾਜ਼ਾਰਾਂ ਵਿੱਚ ਗਿਣੇ ਜਾਂਦੇ ਚੌੜਾ ਬਾਜ਼ਾਰ ਵਿੱਚੋਂ ਦੋ ਪਹੀਆ ਵਾਹਨ ਲੰਘਾਉਣੇ ਤਾਂ ਦੂਰ ਲੋਕਾਂ ਨੂੰ ਪੈਦਲ ਲੰਘਣ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਈ ਵਾਹਨ ਚਾਲਕ ਆਪਣੀਆਂ ਗੱਡੀਆਂ ਵੀ ਬਾਜ਼ਾਰ ਅੰਦਰ ਲੈ ਆਉਂਦੇ ਹਨ ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਹੋਰ ਵਧ ਜਾਂਦੀ ਹੈ। ਹੋਰ ਤਾਂ ਹੋਰ ਦੁਕਾਨਾਂ ਦੇ ਬਾਹਰ ਲੋਕਾਂ ਵੱਲੋਂ ਲਾਈਆਂ ਜਾਂਦੀਆਂ ਫੜ੍ਹੀਆਂ ਇਸ ਸਮੱਸਿਆ ਨੂੰ ਹੋਰ ਵਧਾ ਦਿੰਦੀਆਂ ਹਨ। ਟ੍ਰੈਫਿਕ ਪੁਲੀਸ ਵੱਲੋਂ ਭਾਵੇਂ ਸਮੇਂ ਸਮੇਂ ‘ਤੇ ਫੜੀਆਂ ਵਾਲਿਆਂ ਅਤੇ ਫੜੀਆਂ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ, ਚਲਾਨ ਕੱਟੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ‘ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਦੇਖਣ ਵਿੱਚ ਤਾਂ ਇਹ ਵੀ ਆਇਆ ਹੈ ਕਿ ਕਾਰਵਾਈ ਤੋਂ ਕੁੱਝ ਸਮਾਂ ਪਹਿਲਾਂ ਹੀ ਫੜ੍ਹੀਆਂ ਵਾਲੇ ਆਪਣਾ ਸਮਾਨ ਚੁੱਕ ਕੇ ਦੁਕਾਨਾਂ ਅੰਦਰ ਰੱਖ ਲੈਂਦੇ ਹਨ ਅਤੇ ਅਧਿਕਾਰੀਆਂ ਦੇ ਚਲੇ ਜਾਣ ਤੋਂ ਬਾਅਦ ਫੜ੍ਹੀਆਂ ਦੁਬਾਰਾ ਲਗਾ ਲਈਆਂ ਜਾਂਦੀਆਂ ਹਨ। ਇਹ ਹਾਲ ਸਿਰਫ ਚੌੜਾ ਬਾਜ਼ਾਰ ਦਾ ਹੀ ਨਹੀਂ ਸਗੋਂ ਸ਼ਹਿਰ ਦੇ ਘੁਮਾਰ ਮੰਡੀ, ਬਿਜਲੀ ਮਾਰਕੀਟ, ਗੁੜ ਮੰਡੀ, ਜਵਾਹਰ ਨਗਰ ਕੈਂਪ, ਕਿਤਾਬ ਬਾਜ਼ਾਰ, ਸ਼ਿੰਗਾਰ ਸਿਨੇਮਾ ਰੋਡ, ਫੀਲਡ ਗੰਜ ਆਦਿ ਬਾਜ਼ਾਰਾਂ ਦਾ ਵੀ ਹੈ।
ਕੋਵਿਡ-19 ਸਬੰਧੀ ਸਿਹਤ ਵਿਭਾਗ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਬਾਜ਼ਾਰਾਂ ਵਿੱਚ ਸ਼ਰੇਆਮ ਅਣਦੇਖੀ ਕੀਤੀ ਜਾ ਰਹੀ ਹੈ। ਲੋਕ ਇੱਕ ਦੂਜੇ ਤੋਂ ਫਾਸਲਾ ਰੱਖਣ ਦੀ ਥਾਂ ਇਕੱਠੇ ਘੁੰਮਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਵੀ ਕੋਈ ਸਖਤੀ ਨਜ਼ਰ ਨਹੀਂ ਆ ਰਹੀ।
ਕਰੋਨਾ ਦੇ 83 ਤੇ ਡੇਂਗੂ ਦੇ 12 ਪਾਜ਼ੇਟਿਵ ਕੇਸ ਮਿਲੇ
ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 83 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 6 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸੇ ਤਰ੍ਹਾਂ 1920 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜ਼ਿਲ੍ਹੇ ਵਿੱਚ ਕੁੱਝ ਦਿਨ ਪਹਿਲਾਂ ਤੱਕ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੌਲੀ ਹੌਲੀ ਘਟਦੀ ਲੱਗ ਰਹੀ ਸੀ ਪਰ ਤਿਓਹਾਰਾਂ ਦੇ ਦਿਨਾਂ ਕਰਕੇ ਹਰ ਪਾਸੇ ਜੁੜਦੀ ਭੀੜ ਨਾਲ ਮਰੀਜ਼ਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਇਨ੍ਹਾਂ ਵਿੱਚੋਂ 67 ਮਰੀਜ਼ ਲੁਧਿਆਣਾ ਜ਼ਿਲ੍ਹੇ ਜਦਕਿ 16 ਮਰੀਜ਼ ਹੋਰਨਾਂ ਜ਼ਿਲ੍ਹਿਆਂ ਅਤੇ ਰਾਜਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਛੇ ਮਰੀਜ਼ਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਕਪੂਰਥਲਾ ਦੇ 2, ਜਲੰਧਰ, ਬਠਿੰਡਾ ਅਤੇ ਰਾਜਸਥਾਨ ਦੇ 1-1 ਮਰੀਜ਼ ਸ਼ਾਮਿਲ ਹਨ। ਦੂਜੇ ਪਾਸੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਨੇ ਦੱਸਿਆ ਕਿ ਅੱਜ 106 ਵਿਅਕਤੀਆਂ ਨੂੰ ਉਨਾਂ ਦੇ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨਾਂ ਦਾਅਵਾ ਕੀਤਾ ਕਿ ਲੋਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਥਾਵਾਂ ‘ਤੇ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ। ਜੇਕਰ ਕਿਸੇ ਨੂੰ ਕਰੋਨਾ ਸਬੰਧੀ ਲੱਛਣ ਦਿਖਾਈ ਦੇਣ ਤਾਂ ਉਹ ਨੇੜੇ ਦੇ ਸੈਂਟਰ ਪਹੁੰਚ ਕਿ ਜਲਦੀ ਤੋਂ ਜਲਦੀ ਆਪਣੀ ਜਾਂਚ ਕਰਵਾਏ। ਉਨਾਂ ਨੇ ਲੋਕਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਖੁਦ ਅਤੇ ਹੋਰਨਾਂ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਹੈ। ਸਿਵਲ ਸਰਜਨ ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਅੱਜ ਡੇਂਗੂ ਦੇ 12 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਸਮੇਤ ਲੁਧਿਆਣਾ ਵਿੱਚ ਹੁਣ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 1298 ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਲੁਧਿਆਣਾ ਦੇ ਕੁੱਲ ਸ਼ੱਕੀ ਮਰੀਜ਼ਾਂ ਦੀ ਗਿਣਤੀ ਵੀ 1829 ਤੱਕ ਪਹੁੰਚ ਗਈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ ਤੱਕ 524 ਪਾਜ਼ੇਟਿਵ ਕੰਟੇਨਰਾਂ ਦੀ ਲਿਸਟ ਨਗਰ ਨਿਗਮ ਨੂੰ ਚਲਾਨ ਲਈ ਭੇਜੀ ਜਾ ਚੁੱਕੀ ਹੈ। ਡਾ. ਬੱਗਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ, ਕੰਟੇਨਰਾਂ, ਗਮਲਿਆਂ, ਘਰਾਂ ਦੀਆਂ ਛੱਤਾਂ ਉਪਰ ਪਏ ਟਾਇਰਾਂ ਆਦਿ ਵਿੱਚ ਸਾਫ ਪਾਣੀ ਖੜ੍ਹਾ ਨਾ ਹੋਣ ਦਿਓ ਕਿਉਂਕਿ ਇਹ ਮੱਛਰ ਸਾਫ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ।