ਜੋਗਿੰਦਰ ਸਿੰਘ ਓਬਰਾਏ
ਖੰਨਾ, 4 ਮਈ
ਕਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ 15 ਮਈ ਤੱਕ ਲਾਏ ਮਿਨੀ ਲੌਕਡਾਊਨ ਕਾਰਨ ਲੋਕਾਂ ਵਿੱਚ ਅਫਰਾ ਤਫ਼ਰੀ ਦਾ ਮਾਹੌਲ ਹੈ। ਲੰਮੇ ਲੌਕਡਾਊਨ ਦੇ ਖਦਸ਼ੇ ਕਾਰਨ ਲੋਕ ਸਵੇਰੇ ਹੀ ਘਰਾਂ ਤੋਂ ਖ਼ਰੀਦਦਾਰੀ ਕਰਨ ਲਈ ਨਿਕਲ ਜਾਂਦੇ ਹਨ, ਜਿਸ ਕਾਰਨ ਕਰਿਆਨਾ ਅਤੇ ਸਬਜ਼ੀ ਦੀਆਂ ਰੇਹੜੀਆਂ ’ਤੇ ਭੀੜ ਵੇਖਣ ਨੂੰ ਮਿਲ ਰਹੀ ਹੈ। ਭਾਵੇਂ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿੰਦੀਆਂ ਹਨ ਪਰ ਫ਼ਿਰ ਵੀ ਸੜਕਾਂ ਤੇ ਆਵਾਜਾਈ ਆਮ ਨਾਲੋਂ ਜ਼ਿਆਦਾ ਦਿਖਾਈ ਦਿੱਤੀ। ਦੂਜੇ ਪਾਸੇ ਦੁਕਾਨ ਅੰਦਰ ਭੀੜ ਨਾ ਕਰਨ ਦੀਆਂ ਹਦਾਇਤਾਂ ਕਾਰਨ ਦੁਕਾਨਦਾਰਾਂ ਨੂੰ ਪੁਲੀਸ ਦਾ ਖੌਫ਼ ਸਤਾ ਰਿਹਾ ਹੈ। ਇਸੇ ਤਰ੍ਹਾਂ ਸਬਜ਼ੀਆਂ ਖ਼੍ਰੀਦਣ ਲਈ ਲੋਕਾਂ ਦੀ ਭੀੜ ਨਜ਼ਰ ਆਈ, ਭਾਵੇਂ ਸਬਜ਼ੀ ਮੰਡੀ ਦੇ ਗੇਟ ਬੰਦ ਕੀਤੇ ਗਏ ਸਨ, ਪਰ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਖੜ੍ਹੇ ਰੇਹੜੀਆਂ ਵਾਲਿਆਂ ਕਾਰਨ ਵੱਡੀ ਮਾਤਰਾ ਵਿੱਚ ਲੋਕ ਨਜ਼ਰ ਆਏ ਅਤੇ ਕਿਸੇ ਨੇ ਵੀ ਮਾਸਕ ਅਤੇ ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖਿਆ। ਇਸੇ ਤਰ੍ਹਾਂ ਬੈਕਾਂ ਅੱਗੇ ਵੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਇਸ ਮੌਕੇ ਆੜ੍ਹਤੀਆਂ ਨੇ ਪੁਲੀਸ ਵੱਲੋਂ ਸਬਜ਼ੀ ਮੰਡੀ ਬੰਦ ਕਰਵਾਉਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਅਚਾਨਕ ਮੰਡੀ ਬੰਦ ਕਰਵਾਉਣ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਆੜ੍ਹਤੀ ਸੁਧੀਰ ਸੋਨੂੰ ਨੇ ਕਿਹਾ ਕਿ ਪਹਿਲਾ ਹੀ ਸ਼ਨੀਵਾਰ ਤੇ ਐਤਵਾਰ ਲਾਕਡਾਊਨ ਕਾਰਨ ਮੰਡੀ ਬੰਦ ਸੀ। ਆੜ੍ਹਤੀਆਂ ਨੇ ਫਲ-ਸਬਜ਼ੀਆਂ ਮੰਗਵਾਉਣ ਦੇ ਆਰਡਰ ਦਿੱਤੇ ਹੋਏ ਸਨ ਅਤੇ ਪੁਲੀਸ ਵੱਲੋਂ ਮੰਡੀ ਬੰਦ ਕਰਵਾ ਕੇ ਧੱਕੇਸ਼ਾਹੀ ਕੀਤੀ ਗਈ। ਆੜ੍ਹਤੀ ਰਾਜਨ ਨੇ ਕਿਹਾ ਕਿ ਮੰਡੀ ’ਚ ਗੱਡੀਆਂ ਭਰੀਆਂ ਖੜ੍ਹੀਆਂ ਹਨ, ਜੇਕਰ ਫਲ-ਸਬਜ਼ੀਆਂ ਲੋਕਾਂ ਤੱਕ ਪੁੱਜਦੀਆਂ ਨਾ ਕੀਤੀਆਂ ਤਾਂ ਇਹ ਖ਼ਰਾਬ ਹੋਣਗੀਆਂ ਅਤੇ ਲੱਖਾਂ ਦਾ ਨੁਕਸਾਨ ਹੋਵੇਗਾ। ਇਸ ਮੌਕੇ ਸ਼ਰਾਬ ਠੇਕੇਦਾਰ ਗੁਰਸ਼ਰਨ ਸਿੰਘ ਗੋਗੀਆ ਨੇ ਕਿਹਾ ਕਿ ਲੌਕਡਾਊਨ ਦੌਰਾਨ ਠੇਕੇ ਬੰਦ ਰੱਖਣ ਤੋਂ ਸ਼ਰਾਬ ਠੇਕੇਦਾਰ ਵੀ ਪ੍ਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਠੇਕੇ ਖੋਲ੍ਹਣ ਦੀ ਇਜਾਜ਼ਤ ਦੇਵੇ ਜਾਂ ਫ਼ਿਰ ਜਿੰਨਾ ਸਮਾਂ ਲੌਕਡਾਊਨ ਹੈ ਕੋਈ ਪੈਸਾ ਨਾ ਵਸੂਲਿਆ ਜਾਵੇ।