ਗਗਨਦੀਪ ਅਰੋੜਾ
ਲੁਧਿਆਣਾ, 16 ਜੂਨ
ਸਨਅਤੀ ਸ਼ਹਿਰ ਵਿਚ ਕਰੋਨਾ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਪਰ ਸ਼ਹਿਰ ਦੇ ਬਾਜ਼ਾਰਾਂ ਵਿਚ ਲੋਕ ਬੇਪਰਵਾਹ ਹੋ ਕੇ ਘੁੰਮ ਰਹੇ ਹਨ। ਸ਼ਹਿਰ ਦਾ ਕੋਈ ਬਾਜ਼ਾਰ ਅਜਿਹਾ ਨਹੀਂ ਹੋਵੇਗਾ, ਜਿਥੇ ਲੋਕਾਂ ਦੀ ਭੀੜ ਨਾ ਹੋਵੇ। ਕਈ ਪੁਰਾਣੇ ਬਾਜ਼ਾਰਾਂ ਵਿਚ ਸਮਾਜਿਕ ਦੂਰੀ ਦੇ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ, ਚਲਾਨ ਕੱਟੇ ਜਾਣ ਦੇ ਬਾਵਜੂਦ ਲੋਕ ਬਿਨ੍ਹਾਂ ਮਾਸਕ ਪਾਏ ਹੀ ਘੁੰਮ ਰਹੇ ਹਨ। ਜ਼ਿਆਦਾਤਰ ਸਮਾਜਿਕ ਦੂਰੀ ਦਾ ਉਲੰਘਣ ਸਬਜ਼ੀ, ਫਲ ਤੇ ਨਾਈ ਦੀਆਂ ਦੁਕਾਨਾਂ ’ਤੇ ਹੋ ਰਿਹਾ ਹੈ, ਜਿੱਥੇ ਛੋਟੀ ਦੁਕਾਨਾਂ ਵਿਚ ਭੀੜ ਵਧ ਪੈ ਜਾਂਦੀ ਹੈ। ਸੋਮਵਾਰ ਨੂੰ ਲੁਧਿਆਣਾ ਵਿਚ 45 ਕਰੋਨਾ ਦੇ ਨਵੇਂ ਕੇਸ ਆਏ ਹਨ ਜਿਨ੍ਹਾਂ ਵਿਚੋਂ 36 ਮਰੀਜ਼ ਮੁਕਾਮੀ ਜ਼ਿਲ੍ਹੇ ਅਤੇ 9 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਪਿਛਲੇ 24 ਘੰਟਿਆਂ ਦੌਰਾਨ 13 ਹੋਰ ਮਰੀਜ਼ਾਂ ਦੇ ਠੀਕ ਹੋਣ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਸ਼ਹਿਰ ਦੇ ਕਈ ਬਾਜ਼ਾਰ ਅਜਿਹੇ ਹਨ, ਜਿੱਥੇ ਸਾਰਾ ਦਿਨ ਭੀੜ ਭਾੜ ਹੀ ਰਹਿੰਦੀ ਹੈ ਜਿਨ੍ਹਾਂ ਵਿਚ ਮਾਤਾ ਰਾਣੀ ਚੌਂਕ ਨੇੜੇ ਮੋਬਾਈਲ ਮਾਰਕੀਟ, ਭਾਰਤ ਨਗਰ ਚੌਂਕ, ਫੀਲਡਗੰਜ, ਕਰੀਮਪੁਰਾ ਬਾਜ਼ਾਰ, ਬਸਤੀ ਜੋਧੇਵਾਲ, ਸ਼ੇਰਪੁਰ ਦੇ ਕਈ ਇਲਾਕੇ ਹਨ ਜਿੱਥੇ ਲੋਕਾਂ ਦੀ ਭੀੜ ਇਕੱਠੀ ਰਹਿੰਦੀ ਹੈ। ਸ਼ਹਿਰ ਦੀਆਂ ਕਈ ਥਾਵਾਂ ਜਿਵੇਂ ਕਿ ਬੀਆਰਐਸ ਨਗਰ, ਸਬਜ਼ੀ ਮੰਡੀ ਦਰੇਸੀ ਰੋਡ ਆਦਿ ਇਲਾਕੇ ਅਜਿਹੇ ਹਨ ਜਿੱਥੇ ਸਵੇਰੇ ਤੇ ਸ਼ਾਮ ਨੂੂੰ ਸਬਜ਼ੀ ਦੀਆਂ ਦੁਕਾਨਾਂ ਨੂੰ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਸਨਅਤੀ ਸ਼ਹਿਰ ’ਚ ਹੁਣ ਤੱਕ ਕਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 396 ਹੋ ਗਈ ਹੈ ਜਦਕਿ 129 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 12 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਅਤੇ 8 ਹੋਰ ਜ਼ਿਲਿਆਂ ਨਾਲ ਸੰਬੰਧਤ ਹਨ। ਹੁਣ ਤੱਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 205 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ 10297 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ ਜਦਕਿ ਮੌਜੂਦਾ ਸਮੇਂ ਵੀ 3229 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 403 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।