ਜੋਗਿੰਦਰ ਸਿੰਘ ਓਬਰਾਏ
ਖੰਨਾ/ਦੋਰਾਹਾ, 10 ਮਈ
ਕਰੋਨਾ ਕਹਿਰ ਨੂੰ ਦੇਖਦਿਆਂ ਸ਼ੁੱਕਰਵਾਰ ਸ਼ਾਮ ਨੂੰ ਲੱਗੇ ਲੌਕਡਾਊਨ ਮਗਰੋਂ ਅੱਜ ਸੋਮਵਾਰ ਨੂੰ ਬਜ਼ਾਰ ਖੁੱਲ੍ਹਦੇ ਹੀ ਖਰੀਦਾਰਾਂ ਦੀ ਭੀੜ ਲੱਗ ਗਈਆਂ। ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਇਸ ਜ਼ਿਲ੍ਹੇ ਵਿਚ ਸਵੇਰੇ 5 ਤੋਂ ਦੁਪਹਿਰ 12 ਵਜੇ ਤੱਕ ਹੀ ਦੁਕਾਨਾਂ ਖੁੱਲ੍ਹਣ ਦਾ ਸਮਾਂ ਦਿੱਤਾ ਗਿਆ ਸੀ, ਜਿਸਦੇ ਤਹਿਤ ਦੁਕਾਨਦਾਰਾਂ ਨੇ ਅੱਜ ਸਵੇਰੇ ਤੜਕੇ ਦੁਕਾਨਾਂ ਖੋਲ੍ਹ ਲਈਆਂ। ਸ਼ਹਿਰ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਤੋਂ ਲੋਕਾਂ ਨੇ ਖੰਨਾ/ਦੋਰਾਹਾ ਸ਼ਹਿਰਾਂ ਵੱਲ ਵਹੀਰਾਂ ਘੱਤ ਦਿੱਤੀਆਂ। ਸਕੂਟਰਾਂ, ਕਾਰਾਂ, ਟਰੈਕਟਰ-ਟਰਾਲੀਆਂ ਤੇ ਹੋਰ ਵ੍ਹੀਕਲਾਂ ’ਤੇ ਆਏ ਲੋਕਾਂ ਕਾਰਨ ਬਜ਼ਾਰਾਂ ਵਿਚੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ। ਹਰ ਥਾਂ ਭੀੜ-ਭੜੱਕਾ ਨਜ਼ਰ ਆਉਣ ਲੱਗਿਆ। ਖ੍ਰੀਦਾਰਾਂ ਵੱਲੋਂ ਘਰੇਲੂ ਰਾਸ਼ਨ, ਸਬਜ਼ੀਆਂ, ਫਰੂਟਾਂ ਵਾਲਿਆਂ ਕੋਲ ਜਿੱਥੇ ਭਾਰੀ ਭੀੜ ਦੇਖਣ ਨੂੰ ਮਿਲੀ, ਉੱਥੇ ਬੈਕਾਂ ਦੇ ਅੰਦਰ ਤੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ। ਕਿਤੇ ਵੀ ਸੋਸ਼ਲ ਡਿਸਟੈਂਸ ਨਹੀਂ ਸੀ, ਬਹੁਤੇ ਲੋਕਾਂ ਨੇ ਮਾਸਕ ਵੀ ਨਹੀਂ ਸੀ ਲਾਏ ਹੋਏ। ਇਸੇ ਦੌਰਾਨ ਦੁਪਹਿਰ 12 ਵਜੇ ਹੀ ਪੁਲੀਸ ਪ੍ਰਸ਼ਾਸਨ ਵੱਲੋਂ ਸਪੀਕਰਾਂ ਰਾਹੀਂ ਅਨਾਉਂਸਮੈਂਟ ਅਰੰਭ ਕਰ ਦਿੱਤੀ ਗਈ ਕਿ ਆਪਣੀਆਂ ਦੁਕਾਨਾਂ ਬੰਦ ਕਰੋ, ਸਬਜ਼ੀ-ਫਰੂਟ ਦੀਆਂ ਰੇਹੜੀਆਂ ਨੂੰ ਵੀ ਤੁਰੰਤ ਭਜਾ ਦਿੱਤਾ ਗਿਆ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ’ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਲਗਾਏ ਗਏ ਮਿੰਨੀ ਲੌਕਡਾਊਨ ਨਾਲ ਸ਼ਹਿਰ ਵਾਸੀਆਂ ਵਿਚ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਗੱਲ ਦਾ ਖੁਲਾਸਾ ਅੱਜ ਮਾਡਲ ਟਾਊਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਉੱਪ ਪ੍ਰਧਾਨ ਰਜਨੀਸ਼ ਚੋਪੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਡੀਸੀ ਵੱਲੋਂ ਬਾਜ਼ਾਰਾਂ ਵਿਚ ਦੁਕਾਨਾਂ ਨੂੰ ਖੋਲ੍ਹਣ ਲਈ ਸਵੇਰੇ ਪੰਜ ਵਜੇ ਤੋਂ 12 ਵਜੇ ਤੱਕ ਦੀ ਛੋਟ ਦਿੱਤੀ ਗਈ ਹੈ, ਜਿਸ ਨਾਲ ਦੁਕਾਨਦਾਰ ਅਸੰਤੁਸ਼ਟ ਨਜ਼ਰ ਆਏ। ਦੁਕਾਨਾਂ ਸਵੇਰੇ ਖੋਲ੍ਹਣ ਤੋਂ ਬਾਅਦ ਵੀ ਬਾਜਾਰਾਂ ਵਿਚ ਗਾਹਕ ਨਹੀਂ ਆਇਆ। ਜਿਸ ਨੂੰ ਲੈ ਕੇ ਦੁਕਾਨਦਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਐੱਮਸੀਪੀਆਈ (ਯੂ) ਵੱਲੋਂ ਲੌਕਡਾਊਨ ਦਾ ਵਿਰੋਧ
ਦੋਰਾਹਾ (ਪੱਤਰ ਪ੍ਰੇਰਕ): ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਡ) ਦੇ ਮੈਬਰਾਂ ਦੀ ਇੱਕਤਰਤਾ ਅੱਜ ਇਥੇ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਦੇਸ਼ ਤੇ ਰਾਜ ਦੀ ਕਰੋਨਾ ਕਾਰਨ ਖ਼ਰਾਬ ਹੋ ਰਹੇ ਹਲਾਤਾਂ ’ਤੇ ਵਿਚਾਰ ਕੀਤੀ ਗਈ। ਇਸ ਮੌਕੇ ਪਵਨ ਕੁਮਾਰ ਕੌਸ਼ਲ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਇਸ ਭੈੜੇ ਸੰਕਟ ਲਈ ਕੋਈ ਠੋਸ ਹੱਲ ਨਹੀਂ ਕੱਢ ਸਕੀ ਅਤੇ ਲੋਕ ਬਿਨਾਂ ਕਿਸੇ ਸਹੀ ਸਹੂਲਤ ਤੇ ਆਰਥਿਕ ਮਦਦ ਦੇ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਸਿਰਫ਼ 7 ਘੰਟਿਆਂ ਲਈ ਛੋਟ ਨਾਲ ਛੋਟੇ ਵਪਾਰੀ, ਦੁਕਾਨਦਾਰ ਤੇ ਸਮਾਜ ਦੇ ਹੋਰ ਕਮਜ਼ੋਰ ਗਰੀਬ ਵਰਗਾਂ ਤੇ ਡੂੰਘਾ ਆਰਥਿਕ ਪ੍ਰਭਾਵ ਪਵੇਗਾ।