ਸਤਵਿੰਦਰ ਬਸਰਾ
ਲੁਧਿਆਣਾ, 23 ਜਨਵਰੀ
ਲੁਧਿਆਣਾ ਜ਼ਿਲ੍ਹੇ ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਪਰ ਲੋਕ ਬਿਨਾਂ ਖੌਫ ਇਸ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ ਹਨ। ਬਾਜ਼ਾਰਾਂ ਵਿੱਚ ਭੀੜ ਦੀ ਸ਼ਕਲ ਵਿੱਚ ਜਾਂਦੇ ਲੋਕਾਂ ਅਤੇ ਕਈ ਦੁਕਾਨਦਾਰਾਂ ਵੱਲੋਂ ਇਨਾਂ ਨਿਯਮਾਂ ਦੀ ਉਲੰਘਣਾ ਵੱਧ ਕੀਤੀ ਜਾ ਰਹੀ ਹੈ।
ਕਰੋਨਾ ਕੇਸਾਂ ਦੇ ਹੋਰ ਅੱਗੇ ਵਧਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ’ਤੇ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ। ਇਸ ਮਹਾਂਮਾਰੀ ਨੇ ਭਾਵੇਂ ਹੁਣ ਤੱਕ ਜ਼ਿਲ੍ਹੇ ਵਿੱਚ ਹੀ ਕਈ ਕੀਮਤੀ ਮਨੁੱਖੀ ਜਾਨਾਂ ਲੈ ਲਈਆਂ ਹਨ ਪਰ ਲੋਕ ਅੱਜ ਵੀ ਇਸ ਤੋਂ ਭੋਰਾ ਖੌਫ ਖਾਂਦੇ ਨਹੀਂ ਦਿਸ ਰਹੇ। ਸ਼ਹਿਰ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਫੀਲਡ ਗੰਜ, ਕਿਤਾਬ ਬਾਜ਼ਾਰ, ਬਿਜਲੀ ਮਾਰਕੀਟ, ਡਵੀਜ਼ਨ ਨੰਬਰ ਤਿੰਨ, ਸ਼ਿੰਗਾਰ ਸਿਨੇਮਾ ਰੋਡ, ਸਰਾਭਾ ਨਗਰ, ਕੋਚਰ ਮਾਰਕੀਟ ਆਦਿ ਵਿੱਚ ਐਤਵਾਰ ਵਾਲੇ ਦਿਨ ਖ੍ਰੀਦਦਾਰੀ ਕਰਨ ਵਾਲਿਆਂ ਦੀ ਭੀੜ ਆਮ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਲੋਕ ਨਾ ਮਾਸਕ ਪਾਉਂਦੇ ਹਨ ਤੇ ਨਾ ਸਮਾਜਿਕ ਦੂਰੀ ਰੱਖ ਰਹੇ ਹਨ। ਇਨ੍ਹਾਂ ਬਾਜ਼ਾਰਾਂ ਵਿੱਚ ਸਿਰਫ ਗਾਹਕ ਹੀ ਨਹੀਂ ਸਗੋਂ ਦੁਕਾਨਾਂ ਅਤੇ ਦੁਕਾਨਾਂ ਦੇ ਬਾਹਰ ਫੜੀਆਂ ਲਾਉਣ ਵਾਲਿਆਂ ਵੱਲੋਂ ਵੀ ਕਰੋਨਾ ਹਦਾਇਤਾਂ ਦੀ ਪਾਲਣਾ ਕਰਨ ਨੂੰ ਜ਼ਰੂਰੀ ਨਹੀਂ ਮੰਨਿਆ ਜਾ ਰਿਹਾ। ਉਲੰਘਣਾ ਕਰਨ ਵਾਲਿਆਂ ਪ੍ਰਤੀ ਇਸ ਵਾਰ ਪੁਲੀਸ ਪ੍ਰਸ਼ਾਸਨ ਵੀ ਬਹੁਤਾ ਸਖਤ ਨਜ਼ਰ ਨਹੀਂ ਆ ਰਿਹਾ। ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਭਾਵੇਂ ਪੁਲੀਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਪਰ ਲੋਕ ਪੁਲੀਸ ਮੁਲਾਜ਼ਮਾਂ ਸਾਹਮਣੇ ਆਰਜ਼ੀ ਮਾਸਕ ਆਦਿ ਲਗਾ ਕੇ ਚੁਸਤੀ ਨਾਲ ਨਿਕਲ ਜਾਂਦੇ ਹਨ। ਡਾਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਕੁੱਝ ਹਦਾਇਤਾਂ ਦੀ ਪਾਲਣਾ ਕਰਕੇ ਮਹਾਂਮਾਰੀ ਤੋਂ ਬਚਾਅ ਕਰ ਸਕਦੇ ਹਾਂ। ਦਿਹਾੜੀ ਵਿੱਚ 3-4 ਵਾਰ ਕੋਸਾ ਪਾਣੀ ਜ਼ਰੂਰੀ ਪੀਣਾ ਚਾਹੀਦਾ ਹੈ।
ਪ੍ਰਚਾਰ ਕਰਨ ਆਏ ਦਿੱਲੀ ਦੇ ਸਿਹਤ ਮੰਤਰੀ ਵੱਲੋਂ ਕਰੋਨਾ ਨਿਯਮਾਂ ਦੀ ਉਲੰਘਣਾ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਹਦਾਇਤਾਂ ਦੇ ਨਿਯਮਾਂ ਦਾ ਪਾਲਣ ਕਰਨ ਲਈ ਲੋਕਾਂ ਨੂੰ ਦੁਹਾਈ ਦੇਣ ਵਾਲੇ ਰਾਜਧਾਨੀ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਖੁਦ ਕਰੋਨਾ ਹਦਾਇਤਾਂ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਦਿੱਲੀ ਦੇ ਸਿਹਤ ਮੰਤਰੀ ਲੁਧਿਆਣਾ ਵਿੱਚ ‘ਆਪ’ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲਈ ਆਏ ਸਨ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਨੇ ਨਾ ਤਾਂ ਖੁਦ ਮਾਸਕ ਲਾਇਆ ਸੀ ਤੇ ਨਾ ਹੀ ਉਨ੍ਹਾਂ ਦੇ ਆਸਪਾਸ ਕਿਸੇ ਨੇ ਮਾਸਕ ਪਾਇਆ। ਇਸ ਮੌਕੇ ਰੈਲੀ ’ਚ ਭੀੜ ਜੁਟੀ। ਮੀਟਿੰਗ ਤੋਂ ਬਾਅਦ ਉਹ ਡੋਰ ਟੂ ਡੋਰ ਪ੍ਰਚਾਰ ਕਰਨ ਲਈ ਵੀ ਇਲਾਕੇ ’ਚ ਨਿਕਲੇ। ਸਨਅਤੀ ਸ਼ਹਿਰ ’ਚ ਇਸ ਸਮੇਂ ਰੋਜ਼ਾਨਾ ਇੱਕ ਹਜ਼ਾਰ ਤੋਂ ਵਧੇਰੇ ਮਰੀਜ਼ ਸਾਹਮਣੇ ਆ ਰਹੇ ਹਨ ਤੇ 10 ਦੇ ਕਰੀਬ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਦੇ ਬਾਵਜੂਦ ਵੀ ਲੋਕਾਂ ਨੂੰ ਪਾਠ ਪੜ੍ਹਾਉਣ ਵਾਲੇ ਸਿਆਸੀ ਆਗੂ ਖੁਦ ਨਿਯਮ ਤੋੜ ਰਹੇ ਹਨ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਐਤਵਾਰ ਨੂੰ ਲੁਧਿਆਣਾ ਦੌਰੇ ’ਤੇ ਸਨ ਅਤੇ ਦਾਖਾ ਹਲਕੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਲੁਧਿਆਣਾ ਵਿੱਚ ਉਨ੍ਹਾਂ ਨੇ ਪੱਤਰਕਾਰ ਮਿਲਣੀ ਦੌਰਾਨ ਪਹਿਲਾਂ ਤਾਂ ਮਾਸਕ ਪਾਇਆ ਪਰ ਬਾਅਦ ’ਚ ਉਤਾਰ ਦਿੱਤਾ। ਦਿੱਲੀ ’ਚ ਰੋਜ਼ਾਨਾ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਦਿੱਲੀ ਦੇ ਸਿਹਤ ਮੰਤਰੀ ਖੁਦ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਰਹੇ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਸਿਹਤ ਸਿਸਟਮ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਹਤ ਸਹੂਲਤਾਂ ਦੇਖਣ ਲਈ ਮੁੱਖ ਮੰਤਰੀ ਦੇ ਚਮਕੌਰ ਸਾਹਿਬ ਹਲਕੇ ’ਚ ਵੀ ਗਏ ਸਨ, ਪਰ ਉਥੋਂ ਦੇ ਹਾਲਾਤ ਬੇਹੱਦ ਖਰਾਬ ਹਨ। ਸਾਡੀ ਸਰਕਾਰ ਆ ਰਹੀ ਹੈ ਤੇ ਅਸੀਂ ਆਉਂਦੇ ਹੀ ਪਿੰਡ ਤੇ ਮੁਹੱਲਾ ਕਲੀਨਿਕ, ਪਾਲੀਕਲੀਨਿਕ ਤੇ ਸਬ ਡਵੀਜ਼ਨਾਂ ਦੇ ਨਵੇਂ ਹਸਪਤਾਲ ਬਣਾਵਾਂਗੇ। ਦਿੱਲੀ ਦੇ ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੀਂ ਵਾਰ ਉਹ ਜ਼ਮੀਨ ’ਤੇ ਘੱਟ ਸੀ ਅਤੇ ਨਤੀਜਾ ਸਾਡੇ ਸਾਹਮਣੇ ਸੀ, ਪਰ ਇਸ ਵਾਰ ਉਹ ਜ਼ਮੀਨ ’ਤੇ ਕੰਮ ਕਰ ਰਹੇ ਹਨ ਅਤੇ ਲੋਕ ਬਦਲਾਅ ਵੀ ਚਾਹੁੰਦੇ ਹਨ। ਇਸ ਲਈ ਸਾਡੀ ਸਰਕਾਰ ਆ ਰਹੀ ਹੈ ਤੇ ਇਸ ਲਈ ਅਸੀਂ ਵੀ ਤਿਆਰੀ ਕਰ ਲਈ ਹੈ, ਹੁਣ ਤਾਂ ਬੱਸ ਐਲਾਨ ਹੋਣਾ ਹੀ ਬਾਕੀ ਹੈ।