ਪੱਤਰ ਪ੍ਰੇਰਕ
ਸਮਰਾਲਾ, 19 ਦਸੰਬਰ
ਇਲਾਕੇ ਦੇ ਸਮੂਹ ਪੈਨਸ਼ਨਰਾਂ ਵੱਲੋਂ ਅੱਜ ਸਥਾਨਕ ਗੁਰੁਦਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਪੈਨਸ਼ਨਰਜ਼ ਦਿਵਸ ਮਨਾਇਆ ਗਿਆ, ਜਿਸ ਵਿੱਚ ਖੰਨਾ, ਮਾਛੀਵਾੜਾ ਅਤੇ ਸਮਰਾਲਾ ਇਲਾਕੇ ਦੇ 150 ਦੇ ਕਰੀਬ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ 80 ਸਾਲ ਤੋਂ ਉੱਪਰ ਦੇ 15 ਪੈਨਸ਼ਨਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਮੁੱਢਲੀ ਪੈਨਸ਼ਨ ਵਿੱਚ 113 ਫ਼ੀਸਦ ਮਹਿੰਗਾਈ ਭੱਤਾ ਜੋੜ ਕੇ 15 ਫ਼ੀਸਦ ਦਾ ਵਾਧਾ ਕਰਕੇ ਪੈਨਸ਼ਨਰਜ਼ ਵਰਗ ਨਾਲ ਧੋਖਾ ਕੀਤਾ ਹੈ। ਜਦੋਂ ਕਿ 125 ਫ਼ੀਸਦ ਮਹਿੰਗਾਈ ਭੱਤੇ ’ਤੇ 20 ਫ਼ੀਸਦ ਵਾਧਾ ਦੇਣਾ ਬਣਦਾ ਸੀ। ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਸਾਰੇ ਆਗੂਆਂ ਨੇ ਰੋਸ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਇਸ ਤੋਂ ਇਲਾਵਾ ਪੈਨਸ਼ਨਰਾਂ ਦੀ ਲੰਬੇ ਅਰਸੇ ਤੋਂ ਲਟਕਦੀਆਂ ਹੋਰ ਮੰਗਾਂ ਅਤੇ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਸਿਫਾਰਸ਼ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਅੱਜ ਦੇ ਇਸ ਸਮਾਗਮ ਵਿੱਚ 80 ਸਾਲਾਂ ਦੀ ਉਮਰ ਪਾਰ ਕਰ ਚੁੱਕੇ 15 ਪੈਨਸ਼ਨਰਾਂ ਜਿਨ੍ਹਾਂ ਵਿੱਚ ਬਿਹਾਰੀ ਲਾਲ ਸੱਦੀ ਉਟਾਲਾਂ, ਸੁਰਜੀਤ ਸਿੰਘ ਉਟਾਲਾਂ, ਸ਼ੇਰ ਸਿੰਘ ਦਿਆਲਪੁਰਾ, ਹੁਸ਼ਿਆਰ ਸਿੰਘ ਖਹਿਰਾ, ਯਸ਼ਪਾਲ ਸ਼ਰਮਾ, ਵਿਜੈ ਗੋਇਲ, ਗਰੀਬ ਦਾਸ, ਸਿਕੰਦਰ ਸਿੰਘ, ਗੁਰਚਰਨ ਦਾਸ ਸੱਦੀ ਉਟਾਲਾਂ, ਗੁਰਚਰਨ ਸਿੰਘ ਨਾਗਰਾ, ਗੁਰਦਿਆਲ ਸਿੰਘ ਘੁਲਾਲ, ਰੁਲਦਾ ਸਿੰਘ ਘੁਲਾਲ, ਰਾਮ ਰਤਨ ਸਮਰਾਲਾ, ਨਛੱਤਰ ਸਿੰਘ ਘੁਲਾਲ, ਕੁਲਵੰਤ ਸਿੰਘ ਜੱਗੀ ਆਦਿ ਨੂੰ ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਸਨਮਾਨਤ ਕੀਤਾ ਗਿਆ। ਇਸ ਮੌਕੇ ਹੁਸ਼ਿਆਰ ਸਿੰਘ ਖਹਿਰਾ, ਰਾਮ ਸਿੰਘ ਕਾਲੜਾ ਮਾਛੀਵਾੜਾ, ਬਿਹਾਰੀ ਲਾਲ ਸੱਦੀ, ਰਾਮ ਰਤਨ, ਕੁਲਵੰਤ ਰਾਏ, ਪ੍ਰੇਮ ਨਾਥ, ਸੁਰਜੀਤ ਲਾਲ ਉੱਪਲਾ, ਉੱਜਲ ਸਿੰਘ ਸਾਬਕਾ ਬੀ.ਪੀ.ਈ.ਓ. ਅਤੇ ਕੁਲਵੰਤ ਸਿੰਘ ਤਰਕ ਨੇ ਆਪਣੇ ਵਿਚਾਰ ਰੱਖੇ।