ਐਕਟਿਵਾ ਸਕੂਟਰ ਚੋਰ ਕਾਬੂ
ਲੁਧਿਆਣਾ : ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੇ ਪੁਲੀਸ ਅਧਿਕਾਰੀ ਰਾਧੇ ਸ਼ਾਮ ਦੀ ਅਗਵਾਈ ਹੇਠ ਬਾਦਲ ਘੁਲਾਟੀ ਵਾਸੀ ਹਜ਼ੂਰੀ ਬਾਗ ਕਲੋਨੀ ਭੱਟੀਆਂ ਨੂੰ ਚੋਰੀਸ਼ੁਦਾ ਐਕਟਿਵਾ ਸਕੂਟਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਬਸਤੀ ਜੋਧੇਵਾਲ ਚੌਕ ਤੋਂ ਰਾਹੋਂ ਰੋਡ ’ਤੇ ਗਸ਼ਤ ਕਰ ਰਹੇ ਸਨ ਤਾਂ ਬਾਦਲ ਘੁਲਾਟੀ ਨੂੰ ਸ਼ੱਕ ’ਤੇ ਰੋਕ ਕੇ ਐਕਟਿਵਾ ਸਕੂਟਰ ਦੇ ਕਾਗਜ਼ ਚੈਕ ਕੀਤੇ ਤਾਂ ਪਤਾ ਲੱਗਾ ਕਿ ਸਕੂਟਰ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਹੈ। ਪੁਲੀਸ ਨੇ ਉਸ ਨੂੰ ਕਾਬੂ ਕਰਕੇ ਸਕੂਟਰ ਬਰਾਮਦ ਕਰ ਲਿਆ ਹੈ ਅਤੇ ਉਸ ਤੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।-ਨਿਜੀ ਪੱਤਰ ਪ੍ਰੇਰਕ
ਰਾਹਗੀਰ ਦਾ ਮੋਬਾਈਲ ਖੋਹ ਕੇ ਫ਼ਰਾਰ
ਲੁਧਿਆਣਾ : ਥਾਣਾ ਸਰਾਭਾ ਨਗਰ ਦੇ ਇਲਾਕੇ ਵਿੱਚ ਦੋ ਐਕਟਿਵਾ ਸਵਾਰ ਨੌਜਵਾਨ ਇਕ ਰਾਹਗੀਰ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ ਹਨ। ਲਾਲ ਬਾਗ ਵਾਸੀ ਅਭਿਸ਼ੇਕ ਬਾਂਸਲ ਨੇ ਦੱਸਿਆ ਕਿ ਉਹ ਸੈਰ ਕਰਨ ਲਈ ਰੌਇਲ ਅਸਟੇਟ ਵੱਲ ਜਾ ਰਿਹਾ ਸੀ ਤਾਂ ਹਾਈਟੈੱਕ ਜਿਮ ਕੋਲ ਦੋ ਐਕਟਿਵਾ ਸਕੂਟਰ ਸਵਾਰ ਨੌਜਵਾਨਾਂ ਨੇ ਪਿਛੋਂ ਝਪੱਟਾ ਮਾਰ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। -ਨਿੱਜੀ ਪੱਤਰ ਪ੍ਰੇਰਕ
ਭੇਤਭਰੀ ਹਾਲਾਤ ਵਿੱਚ ਨਾਬਾਲਗ ਲਾਪਤਾ
ਲੁਧਿਆਣਾ: ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿੱਚ ਰਹਿੰਦੀ ਇੱਕ ਨਾਬਾਲਗ ਲੜਕੀ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈ ਹੈ। ਇਸ ਸਬੰਧੀ ਜੀਵਨ ਨਗਰ ਵਾਸੀ ਬੈਜਨਾਥ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਨਿਹਾਰਿਕਾ (17 ਸਾਲ) ਦੁਕਾਨ ਤੋਂ ਸਾਮਾਨ ਲੈਣ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ। ਉਸ ਦੀ ਕਈ ਥਾਂਵਾਂ ਤੇ ਭਾਲ ਕੀਤੀ ਗਈ ਹੈ ਪਰ ਕੁਝ ਵੀ ਪਤਾ ਨਹੀਂ ਲੱਗਾ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਹੈ ਕਿ ਕੋਈ ਨਾਮਲੂਮ ਵਿਅਕਤੀ ਵਿਆਹ ਕਰਵਾਉਣ ਦੀ ਨੀਯਤ ਨਾਲ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ।-ਨਿੱਜੀ ਪੱਤਰ ਪ੍ਰੇਰਕ