ਕਣਕ ਵਿੱਚ ਹੇਰਾਫੇਰੀ ਦਾ ਦੋਸ਼
ਲੁਧਿਆਣਾ : ਪੁਲੀਸ ਨੇ ਗਣੇਸ਼ ਨਗਰ ਵਾਸੀ ਲਵਲੀ ਖਿਲਾਫ਼ ਸਰਕਾਰੀ ਕਣਕ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਹਰੀਸ਼ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਲਵਲੀ ਦੀ ਮਾਤਾ ਸਨੇਹ ਲਤਾ ਦੇ ਨਾਮ ’ਤੇ ਰਾਸ਼ਨ ਡਿਪੂ ਹੈ। ਲਵਲੀ ਨੇ ਰਾਸ਼ਨ ਡਿੱਪੂ ’ਤੇ ਨੀਲੇ ਕਾਰਡ ਧਾਰਕਾਂ ਲਈ ਮਿਲੀ ਕਣਕ ਉਨ੍ਹਾਂ ਨੂੰ ਦੇਣ ਦੀ ਥਾਂ ਬਾਹਰ ਬਾਜ਼ਾਰ ਵਿੱਚ ਵੇਚ ਦਿੱਤੀ। -ਨਿਜੀ ਪੱਤਰ ਪ੍ਰੇਰਕ
ਤਿੰਨ ਵਾਹਨ ਚੋਰੀ
ਲੁਧਿਆਣਾ : ਵੱਖ ਵੱਖ ਇਲਾਕਿਆਂ ਵਿੱਚ ਤਿੰਨ ਦੋਪਹੀਆ ਵਾਹਨ ਚੋਰੀ ਹੋ ਗਏ ਹਨ। ਸ਼ਿਵਾ ਜੀ ਨਗਰ ਵਾਸੀ ਜਗਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਸ਼ਿਲਪੀ ਹਸਪਤਾਲ ਗਿੱਲ ਰੋਡ ਬਾਹਰੋਂ ਚੋਰੀ ਹੋ ਗਿਆ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਰਾਮਨਗਰ ਭਾਮੀਆਂ ਕਲਾਂ ਵਾਸੀ ਗੋਬਿੰਦ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਜੀਵਨ ਨਗਰ ਪਾਰਕ ਫੋਕਲ ਪੁਆਇੰਟ ਬਾਹਰੋਂ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਮੋਤੀ ਨਗਰ ਐਕਸਟੈਂਸ਼ਨ ਵਾਸੀ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਐਕਟਿਵਾ ਸਕੂਟਰ ਟੈਕਸਟਾਈਲ ਇੰਜਨੀਅਰਿੰਗ ਵਰਕਸ ਇੰਡਸਟਰੀ ਏਰੀਆ ਏ ਇਹ ਬਾਹਰੋਂ ਚੋਰੀ ਹੋ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰ ਲਏ ਹਨ।-ਨਿਜੀ ਪੱਤਰ ਪ੍ਰੇਰਕ
ਔਰਤ ਦਾ ਪਰਸ ਖੋਹਿਆ
ਲੁਧਿਆਣਾ: ਇੱਕ ਮੋਟਰਸਾਈਕਲ ਸਵਾਰ ਨੌਜਵਾਨ ਸਰਗੋਧਾ ਕਲੋਨੀ ਨੇੜੇ ਔਰਤ ਦਾ ਪਰਸ ਖੋਹ ਕੇ ਲੈ ਗਿਆ। ਇਸ ਬਾਰੇ ਕਰਤਾਰ ਨਗਰ ਮਾਡਲ ਗ੍ਰਾਮ ਵਾਸੀ ਪਾਇਲ ਭੱਲਾ ਨੇ ਦੱਸਿਆ ਹੈ ਕਿ ਉਹ ਆਪਣੀ ਸਹੇਲੀ ਨੀਲਮਦੀਪ ਕੌਰ ਨਾਲ ਪੈਦਲ ਹੀ ਦਫ਼ਤਰ ਜਾ ਰਹੀ ਸੀ ਤਾਂ ਸਰਗੋਧਾ ਕਲੋਨੀ ਸਥਿਤ ਡਿਸਪੈਂਸਰੀ ਕੋਲ ਇਕ ਮੋਟਰਸਾਈਕਲ ਸਵਾਰ ਨੇ ਉਸ ਦਾ ਪਰਸ ਖੋਹ ਲਿਆ। ਪਰਸ ਵਿੱਚ ਕੋਟਕ ਮਹਿੰਦਰਾ ਬੈਂਕ ਦਾ ਸ਼ਨਾਖਤੀ ਕਾਰਡ, 22 ਚਾਬੀਆਂ, ਆਈਸੀਆਈਸੀਆਈ ਬੈਂਕ ਦਾ ਏਟੀਐਮ ਕਾਰਡ, ਕਰੈਡਿਟ ਕਾਰਡ ਅਤੇ 300 ਰੁਪਏ ਦੀ ਨਕਦੀ ਸੀ। -ਨਿੱਜੀ ਪੱਤਰ ਪ੍ਰੇਰਕ
ਮੁਲਾਜ਼ਮ ਦੀ ਕੁੱਟਮਾਰ
ਲੁਧਿਆਣਾ : ਥਾਣਾ ਜਮਾਲਪੁਰ ਦੀ ਪੁਲੀਸ ਨੇ ਹਰਿੰਦਰ ਸਿੰਘ ਅਤੇ ਬਲਜੀਤ ਸਿੰਘ ਵਾਸੀ ਮੂੰਡੀਆਂ ਕਲਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਬਾਰੇ ਰਾਮਨਗਰ ਤੇਤੀ ਫੁੱਟਾ ਰੋਡ ਵਾਸੀ ਸ਼ੁਭਮ ਕੁਮਾਰ ਨੇ ਦੱਸਿਆ ਹੈ ਕਿ ਹਰਿੰਦਰ ਸਿੰਘ ਤੇ ਬਲਜੀਤ ਸਿੰਘ ਵੱਲੋਂ ਬਣਨ ਦਿੱਤੇ ਹੋਏ ਆਪਣੇ ਫਲੈਕਸ ਬੋਰਡ ਲੈਣ ਲਈ ਉਸ ਦੀ ਦੁਕਾਨ ’ਤੇ ਆਏ। ਫਲੈਕਸ ਬੋਰਡ ਦੇਰੀ ਨਾਲ ਬਣਾਉਣ ਦਾ ਬਹਾਨਾ ਬਣਾ ਕੇ ਉਸ ਨਾਲ ਗਾਲੀ-ਗਲੋਚ ਅਤੇ ਕਥਿਤ ਕੁੱਟਮਾਰ ਕੀਤੀ ਅਤੇ ਦੁਕਾਨ ਦੀ ਵੀ ਭੰਨਤੋੜ ਕੀਤੀ ਗਈ। ਰੌਲਾ ਪਾਉਣ ’ਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਵਰਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ