ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਅਗਸਤ
ਸਥਾਨਕ ਪੀਏਯੂ ਸਰਕਾਰੀ ਸੀਨੀਅਰ ਸਕੰਡਰੀ ਮਾਡਲ ਸਕੂਲ ਵਿੱਚ ਖੇਡੇ ਗਏ ਪੰਜਾਬ ਸਕੂਲ ਖੇਡਾਂ ਦੇ ਜ਼ੋਨਲ ਕ੍ਰਿਕਟ ਟੂਰਨਾਮੈਂਟ ਦੇ ਫਾਇਨਲ ਮੁਕਾਬਲੇ ਵਿੱਚ ਕੇਵੀਐਮ ਸਕੂਲ ਨੇ ਬੀਸੀਐਮ ਸਕੂਲ ਚੰਡੀਗੜ੍ਹ ਰੋਡ ਨੂੰ ਮਾਤ ਦਿੱਤੀ।
ਟਾਸ ਜਿੱਤ ਕੇ ਕੇਵੀਐਮ ਸਕੂਲ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕੇਵੀਐਮ ਸਕੂਲ ਦੀ ਟੀਮ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ ਦੋ ਵਿਕਟਾਂ ’ਤੇ 140 ਦੌੜਾਂ ਬਣਾਈਆਂ। ਇਨ੍ਹਾਂ ਵਿੱਚੋਂ ਰੂਪਮ 44 ਦੌੜਾਂ ਅਤੇ ਮ੍ਰਿਦੁਲ ਨੰਦਾ 6 ਦੌੜਾਂ ਬਣਾ ਕੇ ਨਾਬਾਦ ਰਹੇ, ਜਦ ਕਿ ਜਿਤੇਸ਼ ਮਰਵਾਹਾ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਬੀਸੀਐੱਮ ਸਕੂਲ ਦੀ ਟੀਮ ਨੇ ਬਾਅਦ ਵਿੱਚ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 6 ਵਿਕਟਾਂ ’ਤੇ ਸਿਰਫ 115 ਦੌੜਾਂ ਬਣਾਈਆਂ। ਬੀਸੀਐੱਮ ਵੱਲੋਂ ਨਿਤਿਸ਼ ਨੇ ਨਾਬਾਦ ਰਹਿੰਦਿਆਂ 40 ਦੌੜਾਂ ਬਣਾਈਆਂ, ਜਦਕਿ ਕਨਵ ਅਤੇ ਜਪਾਨ ਨੇ ਕਰਮਵਾਰ 18 ਅਤੇ 12 ਦੌੜਾਂ ਦਾ ਯੋਗਦਾਨ ਪਾਇਆ। ਇਸ ਟੂਰਨਾਮੈਂਟ ਵਿੱਚੋਂ ਕੇਵੀਐਮ ਸਕੂਲ ਦੀ ਟੀਮ 25 ਦੌੜਾਂ ਨਾਲ ਜੇਤੂ ਰਹੀ। ਜੇਤੂ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ।