ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਮਈ
ਸਨਅਤੀ ਸ਼ਹਿਰ ਵਿੱਚ ਕਰੋਨਾ ਪ੍ਰਸ਼ਾਸਨ ਦੀ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵਧਦਾ ਜਾ ਰਿਹਾ ਹੈ, ਰੋਜ਼ਾਨਾਂ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸਨਅਤੀ ਸ਼ਹਿਰ ਦੇ ਲੋਕਾਂ ਲਈ ਪ੍ਰਸਾਸ਼ਨ ਨੇ ਪਾਬੰਦੀਆਂ ਦਾ ਐਲਾਨ ਵੀ ਕੀਤਾ ਹੋਇਆ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਲੋਕ ਕਰੋਨਾ ਤੋਂ ਡਰ ਨਹੀਂ ਰਹੇ ਹਨ। ਕਰੋਨਾ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਇਨ੍ਹਾਂ ਲੋਕਾਂ ਖ਼ਿਲਾਫ਼ ਹੁਣ ਪ੍ਰਸ਼ਾਸਨ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰੇਟ ਦੇ ਵੱਲੋਂ ਸਨਅਤੀ ਸ਼ਹਿਰ ’ਚ ਕਰੋਨਾ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਆਰਜ਼ੀ ਜੇਲ੍ਹਾਂ ਬਣਾਈਆਂ ਗਈਆਂ ਹਨ। ਹੁਣ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਪੁਲੀਸ ਵੱਲੋਂ ਬਣਾਈਆਂ ਗਈਆਂ ਆਰਜ਼ੀ ਜੇਲ੍ਹਾਂ ’ਚ ਜਾਣਾ ਪਵੇਗਾ। ਪ੍ਰਸ਼ਾਸਨ ਨੇ ਸ਼ਹਿਰ ਦੇ ਲੋਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਉਹ ਉਲੰਘਣਾ ਨਾ ਕਰਨ ਤੇ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ। ਪੁਲੀਸ ਪ੍ਰਸ਼ਾਸਨ ਦੇ ਵੱਲੋਂ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇਂ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਰ ਆਰਜ਼ੀ ਜੇਲ੍ਹਾਂ ਬਣਾਈਆਂ ਗਈਆਂ। ਜ਼ੋਨ-1 ’ਚ ਬਹਾਦਰਕੇ ਰੋਡ ਸਥਿਤੀ ਨਿਊ ਐਸਡੀ ਸਕੂਲ, ਜ਼ੋਨ-2 ’ਚ ਪੱਖੋਵਾਲ ਰੋਡ ਸਥਿਤ ਇੰਨਡੋਰ ਸਟੇਡੀਅਮ, ਜ਼ੋਨ-3 ’ਚ ਗੁਰੂ ਨਾਨਕ ਸਟੇਡੀਅਮ ਅਤੇ ਜ਼ੋਨ-4 ’ਚ ਮੋਤੀ ਨਗਰ ਸਥਿਤ ਵਾਲਮੀਕਿ ਭਵਨ ਨੂੰ ਆਰਜ਼ੀ ਜੇਲ੍ਹ ਬਣਾਇਆ ਗਿਆ ਹੈ। ਜਿੱਥੇ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਨੂੰ ਭੇਜਿਆ ਜਾਵੇਗਾ। ਪੁਲੀਸ ਪ੍ਰਸਾਸ਼ਨ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ ਲੋਕ ਬਿਨ੍ਹਾ ਲੋੜ ਦੇ ਘਰੋਂ ਨਾ ਨਿਕਲਣ, ਕਿਉਂਕਿ ਬਿਨ੍ਹਾ ਲੋੜ ਦੇ ਘਰੋਂ ਨਿਕਲ ਕੇ ਉਹ ਸਭ ਦੀ ਜਾਨ ਜ਼ੋਖਮ ’ਚ ਪਾ ਰਹੇ ਹਨ।