ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਕਤੂਬਰ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਲੁਧਿਆਣਾ ਨੇ ਸ਼ਹਿਰ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਲਾਮਬੰਦ ਕਰਨ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇੱਥੇ ਕਾਮਰੇਡ ਅਵਤਾਰ ਛਿੱਬੜ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱੱਚ ਹੋਈ ਮੀਟਿੰਗ ਦੌਰਾਨ ਆਗੂਆਂ ਨੇ ਲੋਕ ਮੁਸ਼ਕਲਾਂ ਸਬੰਧੀ ਚਰਚਾ ਕੀਤੀ। ਸਕੱਤਰ ਕਾ. ਐੱਮ ਐੱਸ ਭਾਟੀਆ ਨੇ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮਸਲਿਆਂ ਬਾਰੇ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਜਦੋਂ ਵੀ ਘਰੋਂ ਬਾਹਰ ਨਿਕਲਦੇ ਹਨ ਤਾਂ ਸੜਕਾਂ ਦੀ ਮੰਦੀ ਹਾਲਤ, ਟਰੈਫਿਕ ਦੀ ਮਾੜੀ ਹਾਲਤ, ਵੈਂਡਿੰਗ ਜ਼ੋਨ ਨਾ ਬਣਾਉਣ ਕਰਕੇ ਰੇਹੜੀ ਫੜੀ ਵਾਲਿਆਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ, ਬੁੱਢੇ ਦਰਿਆ ਦੀਆਂ ਮੁਸ਼ਕਲਾਂ, ਸਿਵਲ ਹਸਪਤਾਲ ਅਤੇ ਬਾਕੀ ਡਿਸਪੈਂਸਰੀਆਂ ਦੀ ਗ਼ੈਰ-ਤਸੱਲੀਬਖ਼ਸ਼ ਹਾਲਤ ਨਾਲ ਵਾਹ ਵਾਸਤਾ ਪੈਂਦਾ ਹੈ। ਮੀਟਿੰਗ ’ਚ ਮੰਗ ਕੀਤੀ ਗਈ ਕਿ ਸਿਵਲ ਹਸਪਤਾਲ ਨੂੰ ਪੀਜੀਆਈ ਦੇ ਪੱਧਰ ਦਾ ਬਣਾਇਆ ਜਾਵੇ ਅਤੇ ਉੱਥੇ ਹਰ ਬੀਮਾਰੀ ਦੇ ਮਾਹਿਰ ਡਾਕਟਰ ਲਾਏ ਜਾਣ। ਇਸ ਤੋਂ ਇਲਾਵਾ ਲੈਬਾਰਟਰੀ ਵਿੱਚ ਹਰ ਤਰ੍ਹਾਂ ਦੇ ਟੈਸਟ ਹੋਣ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣ।