ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਪਰੈਲ
ਭਾਰਤੀ ਕਮਿਊਨਿਸਟ ਪਾਰਟੀ ਨੇ ਫਿਰੋਜ਼ਪੁਰ ਰੋਡ ’ਤੇ ਆਰਤੀ ਚੌਕ ਕੋਲ ਬਣ ਰਹੇ ਫਲਾਈਓਵਰ ਦੀ ਉਸਾਰੀ ਦੌਰਾਨ ਬਿਜਲੀ ਵਿਭਾਗ ਵੱਲੋਂ ਪਾਈਆਂ ਗਈਆਂ ਹਾਈ ਪਾਵਰ ਵੋਲਟੇਜ ਤਾਰਾਂ ਦੇ ਹੋਏ ਨੁਕਸਾਨ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਇੱਥੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਡੀਪੀ ਮੌੜ, ਡਾ. ਅਰੁਣ ਮਿੱਤਰਾ, ਚਮਕੌਰ ਸਿੰਘ, ਰਮੇਸ਼ ਰਤਨ ਅਤੇ ਵਿਜੇ ਕੁਮਾਰ ਨੇ ਕਿਹਾ ਕਿ ਫਲਾਈਓਵਰ ਦੀ ਉਸਾਰੀ ਦੌਰਾਨ ਹਾਈ ਵੋਲਟੇਜ ਤਾਰਾਂ ਅਣਗਹਿਲੀ ਕਾਰਨ ਨੁਕਸਾਨੀਆਂ ਗਈਆਂ ਹਨ ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਵੱਲੋਂ ਇਸ ਬਾਰੇ ਪਹਿਲਾਂ ਹੀ ਐੱਨਐੱਚਏਆਈ ਨੂੰ ਚਿਤਾਵਨੀ ਦਿੱਤੀ ਗਈ ਸੀ ਪਰ ਉਨ੍ਹਾਂ ਇਸ ਗੱਲ ਨੂੰ ਅਣਗੌਲਿਆ ਕੀਤਾ ਜਿਸ ਕਾਰਨ ਕਰੀਬ 26 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਜਨਤਕ ਪੈਸਾ ਹੈ ਅਤੇ ਇਸਨੂੰ ਜਿਸ ਤਰ੍ਹਾਂ ਬਰਬਾਦ ਕੀਤਾ ਗਿਆ ਹੈ, ਇਸਦੀ ਜਾਂਚ ਕਰਨ ਦੀ ਲੋੜ ਹੈ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਕੌਮੀ ਹਾਈਵੇਅ ਅਥਾਰਿਟੀ ਪੀਐੱਸਪੀਸੀਐੱਲ ਨੂੰ 26 ਲੱਖ ਰੁਪਏ ਦੀ ਅਦਾਇਗੀ ਦੇਣੀ ਯਕੀਨੀ ਬਣਾਵੇ।