ਗੁਰਿੰਦਰ ਸਿੰਘ
ਲੁਧਿਆਣਾ, 22 ਜੂਨ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਵਾਲੀ ਅਗਨੀਪਥ ਯੋਜਨਾ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੱਜ ਮਿਨੀ ਸਕੱਤਰੇਤ ਦੇ ਬਾਹਰ ਰੋਸ ਮੁਜ਼ਾਹਰਾ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਾਮਰੇਡ ਡੀਪੀ ਮੌੜ, ਡਾ: ਅਰੁਣ ਮਿੱਤਰਾ, ਐੱਮ.ਐੱਸ. ਭਾਟੀਆ, ਕੇਵਲ ਸਿੰਘ ਬਣਵੈਤ ਆਦਿ ਨੇ ਕਿਹਾ ਕਿ ਇਹ ਅਗਨੀਪਥ ਯੋਜਨਾ ਨਾ ਕੇਵਲ ਨੌਜਵਾਨਾਂ ਦੇ ਭਵਿੱਖ ਨਾਲ ਧੋਖਾ ਹੈ ਬਲਕਿ ਫੌਜ ਨੂੰ ਵੀ ਕਮਜ਼ੋਰ ਕਰਨ ਵਾਲਾ ਫੈਸਲਾ ਵੀ ਹੈ। ਚਾਰ ਸਾਲ ਦੀ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਇਨ੍ਹਾਂ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਬਿਆਨਾਂ ਤੋਂ ਹੁਣ ਇਹ ਗੱਲ ਸਾਫ਼ ਹੈ ਕਿ ਇਹ ਬੱਚੇ ਕਾਰਪੋਰੇਟ ਘਰਾਣਿਆਂ ਦੀ ਰੱਖਿਆ ਲਈ ਸਕਿਊਰਿਟੀ ਗਾਰਡ ਵਜੋਂ ਕੰਮ ’ਤੇ ਲਾ ਦਿੱਤੇ ਜਾਣਗੇ ਅਤੇ ਇਨ੍ਹਾਂ ਵਿਚੋਂ ਕਈਆਂ ਨੂੰ ਹਿਟਲਰ ਦੀ ਤਰਜ ਤੇ ਚੁਣ ਕੇ ਕਥਿਤ ਆਰਐੱਸਐੱਸ ਕਾਰਕੁਨਾਂ ਵਰਗੇ ਬਣਾਏ ਜਾਣ ਦਾ ਖ਼ਤਰਾ ਹੈ, ਜੋ ਕਿ ਘੱਟ ਗਿਣਤੀਆਂ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਵਿਰੁੱਧ ਹਿੰਸਾ ਕਰਨ ਲਈ ਵਰਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਸਿਸਟਮ ਤਾਂ ਠੇਕੇਦਾਰੀ ਪ੍ਰਬੰਧ ਵਿੱਚ ਦਾਖਲ ਹੋਣ ਦਾ ਇੱਕ ਨਮੂਨਾ ਹੈ ਅਤੇ ਬਾਅਦ ਵਿੱਚ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਆਪਣੇ ਹੱਕਾਂ ਲਈ ਧਰਨਿਆਂ ’ਤੇ ਬੈਠਣਾ ਪਵੇਗਾ। ਇਸ ਮੌਕੇ ਹੋਰ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਸਰਕਾਰ ਨੂੰ ਦੇਸ਼ ਅਤੇ ਲੋਕ ਹਿੱਤ ਵਿੱਚ ਇਹ ਯੋਜਨਾ ਵਾਪਿਸ ਲੈਣ ਦੀ ਮੰਗ ਕੀਤੀ।