ਜੋਗਿੰਦਰ ਸਿੰਘ ਓਬਰਾਏ
ਖੰਨਾ, 11 ਅਕਤੂਬਰ
ਸਥਾਨਕ ਸਿਵਲ ਹਸਪਤਾਲ ਵਿੱਚ ਇਕ ਗਰਭਵਤੀ ਜਣੇਪੇ ਲਈ ਪੁੱਜੀ ਤਾਂ ਡਾਕਟਰਾਂ ਨੇ ਕੋਵਿਡ ਵੈਕਸੀਨ ਨਾ ਲੱਗੀ ਹੋਣ ਕਾਰਨ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਤੋਂ ਬਾਹਰ ਲਿਜਾ ਰਹੇ ਸਨ ਸਨ ਤਾਂ ਉਸ ਨੇ ਸੜਕ ’ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਜਾਣਕਾਰੀ ਅਨੁਸਾਰ ਔਰਤ ਮੀਰਾ ਆਪਣੇ ਪਰਿਵਾਰ ਨਾਲ ਮਿਲਟਰੀ ਗਰਾਊਂਡ ਦੀਆਂ ਝੁੱਗੀਆਂ ਵਿੱਚ ਰਹਿੰਦੀ ਹੈ। ਮੀਰਾ ਦੇ ਪਤੀ ਕਿਸ਼ਨ ਨੇ ਦੱਸਿਆ ਕਿ ਸਵੇਰੇ ਮੀਰਾ ਨੂੰ ਦਰਦ ਹੋਣ ਲੱਗਾ ਤਾਂ ਉਹ ਉਸ ਨੂੰ ਹਸਪਤਾਲ ਲੈ ਆਏ ਪਰ ਡਾਕਟਰਾਂ ਨੇ ਕੋਵਿਡ ਵੈਕਸੀਨ ਨਾ ਲੱਗੀ ਹੋਣ ਕਾਰਨ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਹ ਉਸ ਨੂੰ ਕਿਸੇ ਹੋਰ ਹਸਪਤਾਲ ਲੈ ਕੇ ਜਾਣ ਲਈ ਬਾਹਰ ਨਿਕਲੇ ਤਾਂ ਸੜਕ ਤੇ ਜਣੇਪਾ ਹੋ ਗਿਆ ਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ। ਜੱਚਾ-ਬੱਚਾ ਦੋਵੇਂ ਠੀਕ ਹਨ। ਇਸੇ ਦੌਰਾਨ ਸਮਾਜ ਸੇਵੀ ਨਿਰਮਲ ਸਿੰਘ ਨਿੰਮਾ, ਸ਼ਸ਼ੀ ਵਰਧਨ, ਮੁਕੇਸ਼ ਸਿੰਘੀ ਤੇ ਸੰਜੀਵ ਕੁਮਾਰ ਹਸਪਤਾਲ ਪੁੱਜ ਕੇ ਚਿਤਾਵਨੀ ਦਿੱਤੀ ਕਿ ਡਾਕਟਰ ਗਰੀਬ ਲੋਕਾਂ ਨੇ ਅਜਿਹੇ ਵਤੀਰਾ ਬੰਦ ਕਰਨ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾਣਗੇੇ। ਦੂਜੇ ਪਾਸੇ ਹਸਪਤਾਲ ਦੇ ਐੱਸਐੱਮਓ ਡਾ. ਸਤਪਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਮਗਰੋਂ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।