ਪੱਤਰ ਪ੍ਰੇਰਕ
ਮਾਛੀਵਾੜਾ, 31 ਅਕਤੂਬਰ
ਨਗਰ ਕੌਂਸਲ ਮਾਛੀਵਾੜਾ ਵਲੋਂ ਸਫ਼ਾਈ ਦੇ ਪੁਖਤਾ ਪ੍ਰਬੰਧ ਰੱਖਣ ਵਾਲਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਕਾਰਜ ਸਾਧਕ ਅਫ਼ਸਰ ਹਰਨਰਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਹਰ ਮਹੀਨੇ ਜੋ ਵੀ ਸੰਸਥਾਵਾਂ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕਰਦੀਆਂ ਹਨ, ਨੂੰ ਸਨਮਾਨਿਆ ਜਾਂਦਾ ਹੈ। ਇਸ ਤਹਿਤ ਮਾਛੀਵਾੜਾ ਸਿਵਲ ਹਸਪਤਾਲ ਇਸ ਵਾਰ ਸਫ਼ਾਈ ਰੱਖਣ ਵਿਚ ਮੋਹਰੀ ਰਿਹਾ। ਨਗਰ ਕੌਂਸਲ ਵੱਲੋਂ ਐੱਸਐੱਮਓ ਡਾ. ਜਸਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ।
ਇਸ ਤੋਂ ਇਲਾਵਾ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵੀ ਪੂਰੀ ਸਫ਼ਾਈ ਰੱਖੀ ਗਈ ਜਿਸ ਸਦਕਾ ਇਸ ਸਕੂਲ ਦਾ ਵੀ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਨੂੰ ਵੀ ਵਧੀਆ ਸੇਵਾਵਾਂ ਬਦਲੇ ਮਾਣ ਪੱਤਰ ਦਿੱਤਾ ਗਿਆ। ਕਾਰਜਸਾਧਕ ਅਫ਼ਸਰ ਨੇ ਦੱਸਿਆ ਕਿ ਸਵੱਛ ਸਰਵੇਖਣ ਮੁਹਿੰਮ ਤਹਿਤ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’, ‘ਪਲਾਸਟਿਕ ਹਟਾਓ, ਰੁੱਖ ਲਗਾਓ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਓ’ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਵਿਚ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਇੰਸਪੈਕਟਰ ਸੁਖਦੇਵ ਸਿੰਘ, ਜਸਪਾਲ ਸਿੰਘ, ਰਾਜ ਕੁਮਾਰ ਵੀ ਮੌਜੂਦ ਸਨ।